Iran-America ਗੱਲਬਾਤ ਦਾ ਪਹਿਲਾ ਦੌਰ ਸਮਾਪਤ
ਇਸਲਾਮਾਬਾਦ, 11 ਅਪ੍ਰੈਲ 2026 (ਵਿਸ਼ਵ ਵਾਰਤਾ) – ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਈਰਾਨ ਅਤੇ ਅਮਰੀਕਾ ਵਿਚਾਲੇ ਜਾਰੀ ਸੀਜ਼ਫਾਇਰ ਵਾਰਤਾ ਦਾ ਪਹਿਲਾ ਦੌਰ 2 ਘੰਟੇ ਤੱਕ ਚੱਲਿਆ। ਮੀਡੀਆ ਰਿਪੋਰਟਾਂ ਮੁਤਾਬਕ ਇਸ ਦੌਰਾਨ ਈਰਾਨ ਨੇ ਲੇਬਨਾਨ ‘ਤੇ ਤੁਰੰਤ ਇਜ਼ਰਾਈਲੀ ਹਮਲੇ ਰੋਕਣ ਦੀ ਮੰਗ ਕੀਤੀ ਹੈ। ਇਸ ਮੀਟਿੰਗ ਵਿੱਚ ਮਾਹਿਰਾਂ ਨੇ ਸੁਰੱਖਿਆ, ਰਾਜਨੀਤੀ, ਸੈਨਾ, ਅਰਥਵਿਵਸਥਾ ਅਤੇ ਕਾਨੂੰਨ ਨਾਲ ਜੁੜੇ ਮੁੱਦਿਆਂ ‘ਤੇ ਗੱਲਬਾਤ ਕੀਤੀ।
ਦੱਸ ਦਈਏ ਕਿ ਅਮਰੀਕਾ ਵੱਲੋਂ ਉਪ-ਰਾਸ਼ਟਰਪਤੀ ਜੇਡੀ ਵੈਂਸ, ਜਦੋਂ ਕਿ ਈਰਾਨ ਵੱਲੋਂ ਸੰਸਦ ਸਪੀਕਰ ਮੁਹੰਮਦ ਬਾਘੇਰ ਗਾਲੀਬਾਫ ਨੇ ਅਗਵਾਈ ਕੀਤੀ। ਇਹ ਮੀਟਿੰਗ ਕੱਲ੍ਹ ਵੀ ਜਾਰੀ ਰਹਿ ਸਕਦੀ ਹੈ।
ਈਰਾਨ-ਅਮਰੀਕਾ ਸ਼ਾਂਤੀ ਵਾਰਤਾ ਤੋਂ ਇਲਾਵਾ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਦੋਵਾਂ ਦੇਸ਼ਾਂ ਦੇ ਵਫ਼ਦਾਂ ਨਾਲ ਮੁਲਾਕਾਤ ਕੀਤੀ। ਇਸ ਵਿੱਚ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਅਤੇ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਗਾਲੀਬਾਫ ਮੁੱਖ ਰੂਪ ਵਿੱਚ ਮੌਜੂਦ ਰਹੇ। ਇਸਲਾਮਾਬਾਦ ਵਿੱਚ ਸ਼ਾਹਬਾਜ਼ ਸ਼ਰੀਫ਼ ਨੇ ਜੇਡੀ ਵੈਂਸ ਦਾ ਨਿੱਘਾ ਸਵਾਗਤ ਕੀਤਾ। ਇਸ ਮੁਲਾਕਾਤ ਦੀਆਂ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਏ ਹਨ। ਇਸ ਦੇ ਕੁਝ ਹੀ ਦੇਰ ਬਾਅਦ ਅਮਰੀਕਾ ਅਤੇ ਈਰਾਨ ਵਿਚਾਲੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਗਿਆ। ਵ੍ਹਾਈਟ ਹਾਊਸ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਦੇ ਉਪ-ਰਾਸ਼ਟਰਪਤੀ ਜੇਡੀ ਵੈਂਸ ਅਤੇ ਹੋਰ ਅਮਰੀਕੀ ਅਧਿਕਾਰੀਆਂ ਨੇ ਇਸਲਾਮਾਬਾਦ ਵਿੱਚ ਈਰਾਨ ਦੇ ਵਫ਼ਦ ਨਾਲ ਆਹਮੋ-ਸਾਹਮਣੇ ਮੁਲਾਕਾਤ ਕੀਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















