National: ਵਰਿੰਦਾਵਨ ਕਿਸ਼ਤੀ ਹਾਦਸਾ: PM ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ
ਨਵੀਂ ਦਿੱਲੀ, 11 ਅਪ੍ਰੈਲ 2026 (ਵਿਸ਼ਵ ਵਾਰਤਾ) – ਵਰਿੰਦਾਵਨ ਕਿਸ਼ਤੀ ਹਾਦਸੇ ‘ਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਜਾਨ ਗੁਆਉਣ ਵਾਲੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ।
ਦੱਸ ਦਈਏ ਕਿ ਮਥੁਰਾ ਦੇ ਵ੍ਰਿੰਦਾਵਨ ਵਿੱਚ ਹੋਏ ਕਿਸ਼ਤੀ ਹਾਦਸੇ ਵਿੱਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਨੌਜਵਾਨ ਔਰਤ ਸਮੇਤ 5 ਲੋਕ ਅਜੇ ਵੀ ਲਾਪਤਾ ਹਨ। ਬਚਾਅ ਕਾਰਜ 20 ਘੰਟਿਆਂ ਤੋਂ ਜਾਰੀ ਹੈ। ਐਨਡੀਆਰਐਫ ਅਤੇ ਫੌਜ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ। ਫੌਜ ਨੇ ਸ਼ੁੱਕਰਵਾਰ ਦੇਰ ਰਾਤ ਹਾਦਸੇ ਦਾ ਸ਼ਿਕਾਰ ਹੋਈ ਕਿਸ਼ਤੀ ਨੂੰ ਬਾਹਰ ਕੱਢ ਲਿਆ ਹੈ। ਇਹ ਹਾਦਸਾ ਸ਼ੁੱਕਰਵਾਰ ਦੁਪਹਿਰ 3 ਵਜੇ ਕੇਸੀ ਘਾਟ ‘ਤੇ ਵਾਪਰਿਆ ਸੀ, ਜਿੱਥੇ 37 ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਲਟ ਗਈ। ਇਹ ਘਾਟ ਸ਼੍ਰੀ ਬਾਂਕੇ ਬਿਹਾਰੀ ਮੰਦਰ ਤੋਂ ਲਗਭਗ 2 ਕਿਲੋਮੀਟਰ ਦੂਰ ਹੈ। ਮ੍ਰਿਤਕਾਂ ਵਿੱਚ ਇੱਕੋ ਪਰਿਵਾਰ ਦੇ 7 ਮੈਂਬਰ ਸ਼ਾਮਲ ਹਨ, ਜਿਨ੍ਹਾਂ ਵਿੱਚ ਇੱਕ ਮਾਂ-ਪੁੱਤਰ, ਇੱਕ ਚਾਚਾ-ਚਾਚੀ ਅਤੇ ਇੱਕ ਭੂਆ-ਫੁਫੜ ਸ਼ਾਮਲ ਹਨ।
ਵਰਿੰਦਾਵਨ (ਉੱਤਰ ਪ੍ਰਦੇਸ਼) ਵਿੱਚ ਹੋਏ ਮੰਦਭਾਗੇ ਕਿਸ਼ਤੀ ਹਾਦਸੇ ਦੇ ਸਬੰਧ ਵਿੱਚ, ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਹਿਮਾਂਸ਼ੂ ਜੈਨ ਨੇ ਨਿਵਾਸੀਆਂ ਨੂੰ ਅਫਵਾਹਾਂ ਨਾ ਫੈਲਾਉਣ ਜਾਂ ਘਬਰਾਹਟ ਨਾ ਪੈਦਾ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਨਾਲ-ਨਾਲ ਪੰਜਾਬ ਸਰਕਾਰ ਪਹਿਲਾਂ ਹੀ ਵਰਿੰਦਾਵਨ ਦੇ ਅਧਿਕਾਰੀਆਂ ਨਾਲ ਸੰਪਰਕ ਵਿੱਚ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਮਦਦ ਲਈ, ਜਗਰਾਉਂ ਦੇ ਨਾਲ-ਨਾਲ ਜ਼ਿਲ੍ਹਾ ਹੈੱਡਕੁਆਰਟਰ ਲੁਧਿਆਣਾ ਵਿਖੇ 24×7 ਸਮਰਪਿਤ ਹੈਲਪਲਾਈਨਾਂ ਸਥਾਪਿਤ ਕੀਤੀਆਂ ਗਈਆਂ ਜਿਨ੍ਹਾਂ ਵਿੱਚ 01624-223226 (ਐਸ ਡੀ ਐਮ ਜਗਰਾਉਂ ਦਫ਼ਤਰ) ਅਤੇ 0161-2403100 (ਡਿਪਟੀ ਕਮਿਸ਼ਨਰ ਦਫ਼ਤਰ ਲੁਧਿਆਣਾ) ਸ਼ਾਮਲ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























