America ‘ਚ ਪੰਜਾਬੀ ਮੂਲ ਦੀ ਮਹਿਲਾ ਡਰੱਗ ਡੀਲਰ ਨੂੰ 15 ਸਾਲ ਦੀ ਕੈਦ, ਪੜੋ ਪੂਰਾ ਮਾਮਲਾ
ਜਲੰਧਰ, 9 ਅਪ੍ਰੈਲ 2026 (ਵਿਸ਼ਵ ਵਾਰਤਾ): ਅਮਰੀਕਾ ਵਿੱਚ ‘ਕੇਟਾਮਾਈਨ ਕੁਵੀਨ’ ਦੇ ਨਾਂ ਨਾਲ ਮਸ਼ਹੂਰ ਪੰਜਾਬੀ ਮੂਲ ਦੀ ਔਰਤ ਜਸਵੀਨ ਸੰਘਾ ਨੂੰ 15 ਸਾਲ ਦੀ ਸਜ਼ਾ ਸੁਣਾਈ ਗਈ ਹੈ। ਲਾਸ ਏਂਜਲਸ ਫੈਡਰਲ ਕੋਰਟ ਦੇ ਜੱਜ ਸ਼ੈਰਿਲਿਨ ਪੀਸ ਗਾਰਨੇਟ ਨੇ 8 ਅਪ੍ਰੈਲ ਨੂੰ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਸੰਘਾ ਨੇ ਹਾਈ-ਪ੍ਰੋਫਾਈਲ ਗਾਹਕਾਂ ਨੂੰ ਡਰੱਗਜ਼ ਸਪਲਾਈ ਕੀਤੀ ।’ਫ੍ਰੈਂਡਜ਼’ ਸੀਰੀਜ਼ ਦੇ ਮਸ਼ਹੂਰ ਅਦਾਕਾਰ ਮੈਥਿਊ ਪੈਰੀ ਦੀ ਮੌਤ ਵਿੱਚ ਉਸਦੀ ਸਿੱਧੀ ਭੂਮਿਕਾ ਸੀ। ਪੈਰੀ ਦੀ 2023 ਵਿੱਚ ਕੇਟਾਮਾਈਨ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਜਸਵੀਨ ਨੇ ਖੁਦ ਕਬੂਲ ਕੀਤਾ ਸੀ ਕਿ ਉਸਨੇ ਪੈਰੀ ਨੂੰ ਕੇਟਾਮਾਈਨ ਵੇਚੀ ਸੀ।
ਸੰਘਾ ਦੇ ਪਰਿਵਾਰ ਦਾ ਸਬੰਧ ਜਲੰਧਰ ਦੇ ਨੇੜਲੇ ਕਸਬੇ ਫਿਲੌਰ ਨਾਲ ਹੈ। ਜਸਵੀਨ ਸੰਘਾ ਦਾ ਜਨਮ 22 ਜੁਲਾਈ 1983 ਨੂੰ ਲੰਡਨ (ਬ੍ਰਿਟੇਨ) ਵਿੱਚ ਹੋਇਆ ਸੀ। ਉਸਦੀ ਮਾਤਾ ਨੀਲਮ ਸਿੰਘ ਅਤੇ ਪਿਤਾ ਬਲਜੀਤ ਸਿੰਘ ਛੋਕਰ ਉਦਯੋਗਪਤੀ ਹਨ। ਉਸਦੇ ਦਾਦਾ-ਦਾਦੀ ਪੂਰਬੀ ਲੰਡਨ ਵਿੱਚ ਫੈਸ਼ਨ ਰਿਟੇਲ ਦਾ ਕਾਰੋਬਾਰ ਚਲਾਉਂਦੇ ਹਨ ਅਤੇ ਉਹ ਸ਼ਾਹੀ ਪਰਿਵਾਰ (ਰੌਇਲ ਫੈਮਿਲੀ) ਨਾਲ ਸਬੰਧ ਰੱਖਦੇ ਹਨ। ਪਰਿਵਾਰ ਬਾਅਦ ਵਿੱਚ ਕੈਲੀਫੋਰਨੀਆ ਦੇ ਕੈਲਾਬਾਸਾਸ ਵਿੱਚ ਚਲਾ ਗਿਆ, ਜਿੱਥੇ ਜਸਵੀਨ ਦਾ ਬਚਪਨ ਬੀਤਿਆ। ਉਹ ਅਮਰੀਕਾ ਅਤੇ ਬ੍ਰਿਟੇਨ ਦੀ ਦੋਹਰੀ ਨਾਗਰਿਕਤਾ ਰੱਖਦੀ ਹੈ।
ਮਿਲੀ ਜਾਣਕਾਰੀ ਅਨੁਸਾਰ ਜਸਵੀਨ ਸੰਘਾ ਨੇ ਕੈਲਾਬਾਸਾਸ ਤੋਂ 2001 ਵਿੱਚ ਹਾਈ ਸਕੂਲ, ਯੂਨੀਵਰਸਿਟੀ ਆਫ ਕੈਲੀਫੋਰਨੀਆ ਇਰਵਾਈਨ ਤੋਂ ਬੀ.ਏ. (BA) ਅਤੇ ਹਲਟ ਬਿਜ਼ਨਸ ਸਕੂਲ ਤੋਂ ਐਮ.ਬੀ.ਏ. (MBA) ਕੀਤੀ। ਉਸਨੇ ਕੁਝ ਸਮੇਂ ਤੱਕ ਨੌਕਰੀ ਵੀ ਕੀਤੀ। ਪਰ ਬਾਅਦ ਵਿੱਚ ਲਾਸ ਏਂਜਲਸ ਦੇ ਨੌਰਥ ਹਾਲੀਵੁੱਡ ਵਿੱਚ ਆਪਣੇ ਘਰ ਨੂੰ ‘ਸੰਘਾ ਸਟੈਸ਼ ਹਾਊਸ’ ਬਣਾ ਲਿਆ, ਇੱਥੇ ਉਹ ਕੇਟਾਮਾਈਨ, ਮੈਥ ਅਤੇ ਹੋਰ ਨਸ਼ੀਲੇ ਪਦਾਰਥ ਵੇਚਣ ਲੱਗੀ। ਅਕਤੂਬਰ 2023 ਵਿੱਚ ਸੰਘਾ ਨੇ ਪੈਰੀ ਦੇ ਸਹਾਇਕ ਨੂੰ ਕੇਟਾਮਾਈਨ ਵੇਚੀ ਸੀ, ਜੋ ਪੈਰੀ ਦੀ ਮੌਤ ਦਾ ਕਾਰਨ ਬਣੀ। ਸਬੂਤ ਮਿਟਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸੰਘਾ ਨੇ ਸਤੰਬਰ 2025 ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਸੀ। 8 ਅਪ੍ਰੈਲ ਨੂੰ ਅਦਾਲਤ ਨੇ ਉਸ ਨੂੰ ਡਰੱਗ ਵੇਚਣ ਅਤੇ ਪੈਰੀ ਦੀ ਮੌਤ ਦਾ ਦੋਸ਼ੀ ਮੰਨਦਿਆਂ 15 ਸਾਲ ਦੀ ਸਜ਼ਾ ਸੁਣਾਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















