PRTC ਦੇ ਬੇੜੇ ‘ਚ 250 ਨਵੀਆਂ ਬੱਸਾਂ ਸ਼ਾਮਲ
– CM ਭਗਵੰਤ ਮਾਨ ਨੇ ਦਿਖਾਈ ਹਰੀ ਝੰਡੀ
ਚੰਡੀਗੜ੍ਹ, 6 ਅਪ੍ਰੈਲ (ਵਿਸ਼ਵ ਵਾਰਤਾ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪਟਿਆਲਾ ਪਹੁੰਚੇ। ਇਸ ਦੌਰਾਨ ਪੀ.ਆਰ.ਟੀ.ਸੀ. ਦੇ ਬੇੜੇ ਵਿੱਚ 250 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਗਈਆਂ, ਜਿਨ੍ਹਾਂ ਨੂੰ ਮੁੱਖ ਮੰਤਰੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ PRTC ਮੁਲਾਜ਼ਮਾਂ, ਬੱਸ ਕੰਡਕਟਰਾਂ ਅਤੇ ਡਰਾਈਵਰਾਂ ਨਾਲ਼ ਗੱਲਬਾਤ ਕਰ ਕੇ ਉਹਨਾਂ ਹੌਸਲਾ ਅਫ਼ਜ਼ਾਈ ਕੀਤੀ

ਸੀਐਮ ਮਾਨ ਨੇ ਕਿਹਾ ਕਿ ਇਹ ਸਿਰਫ਼ ਆਵਾਜਾਈ ਸੁਵਿਧਾਵਾਂ ਵਿੱਚ ਸੁਧਾਰ ਨਹੀਂ, ਸਗੋਂ ਲੋਕਾਂ ਨੂੰ ਬਿਹਤਰ, ਸੁਰੱਖਿਅਤ ਅਤੇ ਰਾਹਤਭਰਪੂਰ ਯਾਤਰਾ ਦੇਣ ਵੱਲ ਇੱਕ ਵੱਡਾ ਕਦਮ ਹੈ। ਇਸ ਨਾਲ ਪਬਲਿਕ ਟਰਾਂਸਪੋਰਟ ਮਜ਼ਬੂਤ ਹੋਵੇਗੀ ਤੇ ਨਾਲ ਹੀ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਆਉਣ ਵਾਲੇ ਦਿਨਾਂ ‘ਚ 300 ਤੋਂ ਵੱਧ ਹੋਰ ਬੱਸਾਂ PRTC ਦੇ ਬੇੜੇ ‘ਚ ਸ਼ਾਮਲ ਕੀਤੀਆਂ ਜਾਣਗੀਆਂ। ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਲਗਾਤਾਰ ਅਜੇਹੇ ਉਪਰਾਲੇ ਕੀਤੇ ਜਾ ਰਹੇ ਹਨ, ਜੋ ਪੰਜਾਬ ਨੂੰ ਤਰੱਕੀ ਦੇ ਰਾਹ ‘ਤੇ ਅੱਗੇ ਲੈ ਕੇ ਜਾ ਰਹੇ ਹਨ।
ਇਸ ਦੌਰਾਨ ਸੀ.ਐਮ. ਮਾਨ ਨੇ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਪੰਜ ਸਾਲ ਪਹਿਲਾਂ ਕਿਸੇ ਪਾਰਟੀ ਨੇ ਜੋ ਗਾਰੰਟੀਆਂ ਦਿੱਤੀਆਂ ਸਨ, ਉਹ ਸਰਕਾਰ ਬਣਨ ਦੇ ਚਾਰ ਸਾਲਾਂ ਵਿੱਚ ਹੀ ਪੂਰੀਆਂ ਕਰ ਦਿੱਤੀਆਂ ਹੋਣ। ਉਨ੍ਹਾਂ ਕਿਹਾ, ‘ਅਸੀਂ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਪਰ ਅਸੀਂ ਐਸ.ਸੀ. (SC) ਅਤੇ ਬੀ.ਸੀ. (BC) ਔਰਤਾਂ ਨੂੰ 1500 ਰੁਪਏ ਦੇਣ ਦਾ ਫੈਸਲਾ ਕੀਤਾ ਹੈ।’
ਵਿਰੋਧੀ ਪਾਰਟੀਆਂ ‘ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਇਸ ਵਿੱਚ ਵੀ ਕਮੀਆਂ ਕੱਢਦੇ ਹਨ ਅਤੇ ਕਹਿੰਦੇ ਹਨ ਕਿ 1500 ਰੁਪਏ ਨਾਲ ਕੀ ਹੁੰਦਾ ਹੈ। ਸ਼ਾਇਦ ਉਹ (ਵਿਰੋਧੀ ਆਗੂ) ਇੱਕ ਵਾਰ ਦੇ ਰਾਤ ਦੇ ਖਾਣੇ ‘ਤੇ ਹੀ ਦਸ ਹਜ਼ਾਰ ਰੁਪਏ ਖਰਚ ਕਰ ਦਿੰਦੇ ਹਨ ਅਤੇ ਸ਼ਾਇਦ 1500 ਰੁਪਏ ਤਾਂ ਵੇਟਰ ਨੂੰ ਟਿਪ (tip) ਦੇ ਦਿੰਦੇ ਹੋਣਗੇ।ਪਰ ਇੱਥੇ ਪੁੱਛ ਕੇ ਵੇਖੋ, ਜਦੋਂ ਇੱਕ ਪਰਿਵਾਰ ਵਿੱਚ ਦੋ ਔਰਤਾਂ ਹੋਣਗੀਆਂ, ਤਾਂ ਤਿੰਨ ਹਜ਼ਾਰ ਰੁਪਏ ਨਾਲ ਪੂਰਾ ਮਹੀਨਾ ਘਰ ਦਾ ਗੁਜ਼ਾਰਾ ਚੱਲ ਜਾਂਦਾ ਹੈ।”























