Crude oil price :ਕੱਚੇ ਤੇਲ ਦੀਆਂ ਕੀਮਤਾਂ ਵੱਡਾ ਉਛਾਲ
– $110 ਦੇ ਪਾਰ ਪਹੁੰਚਿਆ ਕਰੂਡ ਆਇਲ
ਨਵੀ ਦਿੱਲੀ, 6 ਅਪ੍ਰੈਲ 2026 (ਵਿਸ਼ਵ ਵਾਰਤਾ): ਈਰਾਨ ਦੇ ਨਾਲ ਅਮਰੀਕਾ ਅਤੇ ਇਜ਼ਰਾਈਲ ਦੀ ਜੰਗ ਜਾਰੀ ਹੈ। ਜੰਗ ਕਦੋਂ ਖ਼ਤਮ ਹੋਵੇਗੀ, ਇਸ ਦੇ ਕੋਈ ਸੰਕੇਤ ਵੀ ਨਹੀਂ ਦਿਖਾਈ ਦੇ ਰਹੇ। ਨਾ ਅਮਰੀਕਾ ਤੇ ਇਜ਼ਰਾਈਲ ਪਿੱਛੇ ਹਟਣ ਨੂੰ ਤਿਆਰ ਹਨ ਅਤੇ ਨਾ ਹੀ ਈਰਾਨ ਮੰਨ ਰਿਹਾ ਹੈ। ਨਤੀਜੇ ਵਜੋਂ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ।
ਅਮਰੀਕਾ ਅਤੇ ਈਰਾਨ ਵਿਚਾਲੇ ਬਿਆਨਬਾਜ਼ੀ ਵਧਣ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਅੱਜ 110 ਡਾਲਰ ਪ੍ਰਤੀ ਬੈਰਲ ਦੇ ਪਾਰ ਚਲੀਆਂ ਗਈਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਨੂੰ ‘ਨਰਕ ਬਣਾਉਣ’ ਦੀ ਧਮਕੀ ਦੇਣ ਤੋਂ ਬਾਅਦ ਈਰਾਨ ਨੇ ਗਲੋਬਲ ਸਪਲਾਈ ਠੱਪ ਕਰਨ ਦੀ ਗੱਲ ਕਹੀ ਹੈ। ਇਸ ਕਾਰਨ ਅੱਜ ਇੱਕ ਬੈਰਲ ਬ੍ਰੈਂਟ ਕਰੂਡ ਦੀ ਕੀਮਤ $1.71 ਵਧ ਕੇ $110.74 ‘ਤੇ ਪਹੁੰਚ ਗਈ ਹੈ। ਮਾਰਕੀਟ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਤਣਾਅ ਇਸੇ ਤਰ੍ਹਾਂ ਜਾਰੀ ਰਿਹਾ, ਤਾਂ ਕੱਚੇ ਤੇਲ ਦੀਆਂ ਕੀਮਤਾਂ $150 ਪ੍ਰਤੀ ਬੈਰਲ ਤੱਕ ਪਹੁੰਚ ਸਕਦੀਆਂ ਹਨ।
ਦੱਸ ਦਈਏ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਸਖ਼ਤ ਸ਼ਬਦਾਂ ਵਿੱਚ ਧਮਕਾਉਂਦੇ ਹੋਏ ਕਿਹਾ ਹੈ ਕਿ ਜੇਕਰ ‘ਹੋਰਮੁਜ਼ ਸਟ੍ਰੇਟ’ ਨਾ ਖੋਲ੍ਹਿਆ ਗਿਆ ਤਾਂ ਉਹ ਵੱਡਾ ਹਮਲਾ ਕਰਨਗੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਈਰਾਨ ਨੇ ਇਹ ਰਸਤਾ ਨਹੀਂ ਖੋਲ੍ਹਿਆ ਤਾਂ ਉਹ ਉਸ ਨੂੰ ‘ਨਰਕ’ ਬਣਾ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਈਰਾਨ ਦੇ ਪਾਵਰ ਪਲਾਂਟਾਂ ਅਤੇ ਪੁਲਾਂ ‘ਤੇ ਹਮਲਾ ਕਰਨ ਦੀ ਗੱਲ ਵੀ ਕਹੀ ਹੈ।
ਟਰੰਪ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਈਰਾਨ ਵਿੱਚ ਮੰਗਲਵਾਰ ਨੂੰ ‘ਪਾਵਰ ਪਲਾਂਟ ਡੇਅ’ ਅਤੇ ‘ਬ੍ਰਿਜ ਡੇਅ’ਇਕੱਠੇ ਹੋਣਗੇ, ਜਿਸ ਦਾ ਮਤਲਬ ਹੈ ਕਿ ਉਸ ਦਿਨ ਹਮਲਾ ਹੋਵੇਗਾ। ਉਨ੍ਹਾਂ ਕਿਹਾ ਕਿ ਈਰਾਨ ਹੋਰਮੁਜ਼ ਸਟ੍ਰੇਟ ਨੂੰ ਖੋਲ੍ਹ ਦੇਵੇ, ਨਹੀਂ ਤਾਂ ਉਹ ਨਰਕ ਵਰਗੇ ਹਾਲਾਤਾਂ ਵਿੱਚ ਪਹੁੰਚ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























