Punjab: ਹਰਮੀਤ ਪਠਾਣਮਾਜਰਾ ਨੂੰ ਅਦਾਲਤ ਨੇ ਤੀਜੀ ਵਾਰ ਪੁਲਿਸ ਰਿਮਾਂਡ ’ਤੇ ਭੇਜਿਆ
ਪਟਿਆਲਾ, 5 ਅਪ੍ਰੈਲ 2026 (ਵਿਸ਼ਵ ਵਾਰਤਾ) – ਪੰਜਾਬ ਦੇ ਐਮ ਐਲ ਏ ਹਰਮੀਤ ਸਿੰਘ ਪਠਾਣਮਾਜਰਾ ਨੂੰ ਅਦਾਲਤ ਵੱਲੋਂ ਮੁੜ ਤੀਜੀ ਵਾਰ ਇੱਕ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। 7 ਦਿਨਾਂ ਦਾ ਪਹਿਲਾਂ ਮਿਲਿਆ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਸੁਣਵਾਈ ਦੌਰਾਨ ਅਦਾਲਤ ਨੇ ਪੁਲਿਸ ਨੂੰ ਪਠਾਣਮਾਜਰਾ ਦਾ ਇੱਕ ਹੋਰ ਦਿਨ ਦਾ ਰਿਮਾਂਡ ਦੇ ਦਿੱਤਾ ਹੈ। ਹੁਣ ਉਨ੍ਹਾਂ ਨੂੰ ਭਲਕੇ, 6 ਅਪ੍ਰੈਲ ਨੂੰ ਪਟਿਆਲਾ ਅਦਾਲਤ ਵਿੱਚ ਦੁਬਾਰਾ ਪੇਸ਼ ਕੀਤਾ ਜਾਵੇਗਾ।
ਦੱਸ ਦਈਏ ਕਿ 25 ਮਾਰਚ ਨੂੰ ਆਪ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪਟਿਆਲਾ ਪੁਲਿਸ ਵੱਲੋਂ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਗਵਾਲੀਅਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰੀ ਤੋਂ ਬਾਅਦ ਪਟਿਆਲਾ ਪੁਲਿਸ ਨੇ ਪਠਾਨਮਾਜਰਾ ਨੂੰ ਅਦਾਲਤ ‘ਚ ਪੇਸ਼ ਕੀਤਾ ਸੀ ਅਤੇ ਉਸ ਦੇ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ, ਪਰੰਤੂ ਅਦਾਲਤ ਨੇ ਸਿਰਫ 4 ਦਿਨ ਦਾ ਰਿਮਾਂਡ ਦਿੱਤਾ ਸੀ। ਪਠਾਣਮਾਜਰਾ ਨੂੰ ਮੁੜ 29 ਮਾਰਚ ਨੂੰ ਚਾਰ ਦਿਨਾਂ ਦਾ ਪੁਲਿਸ ਰਿਮਾਂਡ ਖਤਮ ਹੋਣ ‘ਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਜਿੱਥੇ ਪੁਲਿਸ ਨੇ ਹੋਰ ਪੁੱਛਗਿੱਛ ਲਈ ਪਠਾਨਮਾਜਰਾ ਦੇ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਪਠਾਨਮਾਜਰਾ ਨੂੰ 7 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਸੀ। ਅੱਜ ਅਦਾਲਤ ਨੇ ਫੇਰ ਪਠਾਣਮਾਜਰਾ ਨੂੰ ਤੀਜੀ ਵਾਰ ਇੱਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਇਹ ਦੱਸਣਯੋਗ ਹੈ ਕਿ ਹਰਮੀਤ ਪਠਾਣਮਾਜਰਾ ਪੰਜਾਬ ਦੇ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਹਰਮੀਤ ਸਿੰਘ ਪਠਾਣਮਾਜਰਾ ਨੂੰ ਪਿਛਲੇ ਸਾਲ 2 ਸਤੰਬਰ ਨੂੰ ਪੁਲਿਸ ਨੇ ਇੱਕ ਪੁਰਾਣੇ ਬਲਾਤਕਾਰ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਤੋਂ ਥੋੜ੍ਹੀ ਦੇਰ ਬਾਅਦ ਹੀ ਉਹ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਸੀ। ਇਹ ਮਾਮਲਾ ਇੱਕ ਔਰਤ ਦੀ ਸ਼ਿਕਾਇਤ ਨਾਲ ਸਬੰਧਤ ਹੈ, ਜੋ ਆਪਣੇ ਆਪ ਨੂੰ ਵਿਧਾਇਕ ਦੀ ਪਤਨੀ ਹੋਣ ਦਾ ਦਾਅਵਾ ਕਰ ਰਹੀ ਹੈ। ਜਿਸ ਨੇ ਉਸ ‘ਤੇ ਬਲਾਤਕਾਰ ਦਾ ਦੋਸ਼ ਲਗਾਇਆ ਹੈ।
ਇਸ ਮਾਮਲੇ ‘ਚ ਪਠਾਣਮਾਜਰਾ ਵੱਲੋਂ ਅਦਾਲਤ ’ਚ ਆਪਣੀ ਜ਼ਮਾਨਤ ਲਈ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ, ਪਰ ਅਦਾਲਤ ਨੇ ਉਸ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਇਸ ਤੋਂ ਬਾਅਦ ਪਠਾਣਮਾਜਰਾ ਨੇ ਪੰਜਾਬ-ਹਰਿਆਣਾ ਹਾਈ ਕੋਰਟ ਦਾ ਵੀ ਰੁਖ ਕੀਤਾ ਸੀ ਪਰ ਉਸ ਨੂੰ ਉਥੋਂ ਵੀ ਜ਼ਮਾਨਤ ਨਹੀਂ ਮਿਲੀ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























