Canada ਵਿੱਚ ਵੱਡੀ ਵਾਰਦਾਤ! ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਕੈਨੇਡਾ, 31 ਮਾਰਚ 2026 (ਵਿਸ਼ਵ ਵਾਰਤਾ) – ਸਰੀ ਵਿੱਚ ਪੰਜਾਬੀ ਮੂਲ ਦੇ ਨੌਜਵਾਨ ਦੀ ਤਾਬੜਤੋੜ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਉਸ ਦੀ ਪਛਾਣ ਪੰਜਾਬੀ ਮੂਲ ਦੇ 27 ਸਾਲਾ ਨੌਜਵਾਨ ਜਸਮਨ ਸੇਖੋਂ ਵਜੋਂ ਕੀਤੀ ਹੈ। ਸਰੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸ਼ਨੀਵਾਰ ਦੀ ਹੈ, ਪਰ ਪੁਲਿਸ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਸਾਂਝੀ ਕੀਤੀ। ਪੁਲਿਸ ਅਨੁਸਾਰ ਗੋਲੀਬਾਰੀ ਦੀ ਆਵਾਜ਼ ਨਾਲ ਆਸ-ਪਾਸ ਦੇ ਲੋਕ ਸਹਿਮ ਗਏ ਅਤੇ ਉਨ੍ਹਾਂ ਨੇ ਐਮਰਜੈਂਸੀ ਨੰਬਰ ‘ਤੇ ਫੋਨ ਕੀਤਾ। ਕਰੀਬ 15 ਮਿੰਟ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ। ਨੌਜਵਾਨ ਨੂੰ ਸੀ.ਪੀ.ਆਰ. ਦੇ ਕੇ ਹਸਪਤਾਲ ਪਹੁੰਚਾਇਆ ਗਿਆ, ਪਰ ਉਸ ਨੇ ਦਮ ਤੋੜ ਦਿੱਤਾ।
ਪੁਲਿਸ ਨੇ ਦੱਸਿਆ ਕਿ ਨੌਜਵਾਨ ‘ਤੇ 10 ਰਾਊਂਡ ਤੋਂ ਜ਼ਿਆਦਾ ਫਾਇਰਿੰਗ ਹੋਈ ਹੈ। ਘਟਨਾ ਸਥਾਨ ‘ਤੇ ਕੱਚ ਤੇ ਖੂਨ ਖਿਲਰਿਆ ਮਿਲਿਆ। ਇਹ ਘਟਨਾ ਸ਼ਨੀਵਾਰ ਸ਼ਾਮ ਕਰੀਬ 6:40 ਵਜੇ ਸਰੀ ਦੇ ਸੁਲੀਵਨ ਹਾਈਟਸ ਇਲਾਕੇ ਵਿੱਚ 15100 ਬਲਾਕ 60 ਐਵੇਨਿਊ ਸਥਿਤ ਇੱਕ ਟਾਊਨ ਹਾਊਸ ਕੰਪਲੈਕਸ ਵਿੱਚ ਵਾਪਰੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਵਾਰਦਾਤ ਸੰਗਠਿਤ ਅਪਰਾਧ ਨਾਲ ਜੁੜਿਆ ਇੱਕ ਮਿੱਥ ਕੇ ਕੀਤਾ ਗਿਆ ਕਤਲ ਸੀ। ਸੇਖੋਂ ਦਾ ਪੁਲਿਸ ਨਾਲ ਪਹਿਲਾਂ ਵੀ ਸੰਪਰਕ ਰਿਹਾ ਸੀ ਅਤੇ ਉਸ ਦੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਨਾਲ ਜੁੜੇ ਹੋਣ ਦਾ ਸ਼ੱਕ ਸੀ।
ਇੰਟੈਗਰੇਟਿਡ ਹੋਮੋਸਾਈਡ ਇਨਵੈਸਟੀਗੇਸ਼ਨ ਟੀਮ (IHIT) ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੇਖੋਂ ਦਾ ਪੁਲਿਸ ਵਿੱਚ ਅਪਰਾਧਿਕ ਰਿਕਾਰਡ ਰਿਹਾ ਹੈ ਅਤੇ ਉਹ ਇੱਥੇ ਨਸ਼ਾ ਤਸਕਰੀ ਵਿੱਚ ਸ਼ਾਮਲ ਸੀ। IHIT ਦੀ ਬੁਲਾਰਾ ਸਾਰਜੈਂਟ ਫਰੇਡਾ ਫੋਂਗ ਨੇ ਬਿਆਨ ਵਿੱਚ ਕਿਹਾ ਕਿ ਇਹ ਆਮ ਤੌਰ ‘ਤੇ ਸ਼ਾਂਤ ਰਹਿਣ ਵਾਲੇ ਗੁਆਂਢ ਵਿੱਚ ਹੋਈ ਇੱਕ ਬੇਖੌਫ਼ ਗੋਲੀਬਾਰੀ ਹੈ। ਜਾਂਚ ਟੀਮ ਕਾਤਲਾਂ ਦਾ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ। ਵਾਰਦਾਤ ਦੜੇ 15 ਮਿੰਟ ਬਾਅਦ, ਨੇੜਲੇ ਇਲਾਕੇ ਵਿੱਚ ਇੱਕ ਨੀਲੀSUV ਪੂਰੀ ਤਰ੍ਹਾਂ ਸੜੀ ਹੋਈ ਮਿਲੀ। ਪੁਲਿਸ ਇਸ ਵਾਹਨ ਦੀ ਵੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਇਹ ਗੋਲੀਬਾਰੀ ਨਾਲ ਜੁੜਿਆ ਹੋਇਆ ਹੈ ਜਾਂ ਨਹੀਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























