Congress ਨੂੰ ਦਫ਼ਤਰ ਖਾਲੀ ਕਰਨ ਲਈ ਨੋਟਿਸ ਜਾਰੀ!
ਨਵੀ ਦਿੱਲੀ, 25 ਮਾਰਚ 2026 (ਵਿਸ਼ਵ ਵਾਰਤਾ) : ਕਾਂਗਰਸ ਪਾਰਟੀ ਨੂੰ ਰਾਜਧਾਨੀ ਦਿੱਲੀ ਵਿੱਚ ਸਥਿਤ ਆਪਣੇ 2 ਪੁਰਾਣੇ ਦਫ਼ਤਰਾਂ ਨੂੰ ਖਾਲੀ ਕਰਨ ਲਈ ਅੰਤਿਮ ਨੋਟਿਸ ਮਿਲਿਆ ਹੈ। ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਪਾਰਟੀ ਨੂੰ 24, ਅਕਬਰ ਰੋਡ ਅਤੇ 5, ਰਾਏਸੀਨਾ ਰੋਡ ਸਥਿਤ ਦੋਵੇਂ ਦਫ਼ਤਰ 28 ਮਾਰਚ ਤੱਕ ਖਾਲੀ ਕਰਨ ਦਾ ਹੁਕਮ ਦਿੱਤਾ ਹੈ।
ਦੱਸ ਦੇਈਏ ਕਿ ਅਕਬਰ ਰੋਡ ਵਾਲਾ ਬੰਗਲਾ 1978 ਤੋਂ ਕਾਂਗਰਸ ਦਾ ਮੁੱਖ ਦਫ਼ਤਰ ਸੀ। ਪੂਰੇ 48 ਸਾਲਾਂ ਤੱਕ ਇੱਥੋਂ ਪਾਰਟੀ ਦਾ ਦਫ਼ਤਰ ਚੱਲਿਆ ਅਤੇ ਕਈ ਅਹਿਮ ਰਣਨੀਤੀਆਂ ਤੈਅ ਹੋਈਆਂ। ਪਿਛਲੇ ਸਾਲ ਕਾਂਗਰਸ ਨੇ ਕੋਟਲਾ ਮਾਰਗ ‘ਤੇ ਇੰਦਰਾ ਭਵਨ ਵਿਖੇ ਆਪਣਾ ਨਵਾਂ ਹੈੱਡਕੁਆਰਟਰ ਬਣਾ ਲਿਆ ਹੈ, ਪਰ ਅਕਬਰ ਰੋਡ ਵਾਲਾ ਪੁਰਾਣਾ ਦਫ਼ਤਰ ਅਜੇ ਵੀ ਵਰਤੋਂ ਵਿੱਚ ਹੈ।
ਕਾਂਗਰਸ ਦੇ ਸੀਨੀਅਰ ਆਗੂ ਅਤੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਇਸ ਕਦਮ ਨੂੰ “ਗੈਰ-ਕਾਨੂੰਨੀ ਅਤੇ ਰਾਜਨੀਤੀ ਤੋਂ ਪ੍ਰੇਰਿਤ” ਦੱਸਿਆ ਹੈ। ਪਾਰਟੀ ਇਸ ਨੋਟਿਸ ਦੇ ਵਿਰੋਧ ‘ਚ ਅਦਾਲਤ ਜਾਣ ਦੀ ਯੋਜਨਾ ਬਣਾ ਰਹੀ ਹੈ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ 24 ਅਕਬਰ ਰੋਡ ਵਾਲਾ ਬੰਗਲਾ 1978 ਤੋਂ ਉਨ੍ਹਾਂ ਦਾ ਮੁੱਖ ਦਫ਼ਤਰ ਰਿਹਾ ਹੈ ਅਤੇ ਇਸ ਨਾਲ ਪਾਰਟੀ ਦੀਆਂ ਕਈ ਇਤਿਹਾਸਕ ਯਾਦਾਂ ਜੁੜੀਆਂ ਹੋਈਆਂ ਹਨ। ਕਾਂਗਰਸ ਪਾਰਟੀ ਇਸ ਮਾਮਲੇ ਨੂੰ ਲੈ ਕੇ ਗੰਭੀਰ ਨਜ਼ਰ ਆ ਰਹੀ ਹੈ। ਕੁਝ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਸਰਕਾਰ ਦੇ ਇਸ ਫੈਸਲੇ ਖਿਲਾਫ ਕੋਰਟ ਦਾ ਦਰਵਾਜ਼ਾ ਖੜਕਾ ਸਕਦੀ ਹੈ। ਪਾਰਟੀ ਦੇ ਸੀਨੀਅਰ ਆਗੂ ਇਸ ਵਿਸ਼ੇ ‘ਤੇ ਰਣਨੀਤੀ ਬਣਾਉਣ ਵਿੱਚ ਜੁਟੇ ਹੋਏ ਹਨ ਤਾਂ ਜੋ ਸਹੀ ਸਮੇਂ ‘ਤੇ ਉਚਿਤ ਕਾਰਵਾਈ ਕੀਤੀ ਜਾ ਸਕੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/



















