Himachal ‘ਚ ਸਰਕਾਰੀ ਮੁਲਾਜ਼ਮਾਂ ਲਈ ਡਰੈੱਸ ਕੋਡ ਜਾਰੀ
– ਜੀਨਸ – ਟੀ-ਸ਼ਰਟ ਪਹਿਨਣ ‘ਤੇ ਰੋਕ
– ਸੋਸ਼ਲ ਮੀਡੀਆ ਦੀ ਵਰਤੋਂ ਨੂੰ ਲੈ ਕੇ ਵੀ ਦਿਸ਼ਾ ਨਿਰਦੇਸ਼ ਜਾਰੀ
ਹਿਮਾਚਲ ਪ੍ਰਦੇਸ਼, 18 ਮਾਰਚ (ਵਿਸ਼ਵ ਵਾਰਤਾ): ਹਿਮਾਚਲ ਪ੍ਰਦੇਸ਼ ਸਰਕਾਰ ਨੇ ਰਾਜ ਦੇ ਸਾਰੇ ਸਰਕਾਰੀ ਕਰਮਚਾਰੀਆਂ ਲਈ ਇੱਕ ਨਵਾਂ ਡਰੈੱਸ ਕੋਡ ਲਾਗੂ ਕੀਤਾ ਹੈ। ਹਿਮਾਚਲ ਵਿੱਚ ਸਰਕਾਰੀ ਮੁਲਾਜ਼ਮਾਂ ਦੇ ਜੀਨਸ ਅਤੇ ਟੀ-ਸ਼ਰਟ ਪਹਿਨਣ ‘ਤੇ ਰੋਕ ਲਗਾ ਦਿੱਤੀ ਗਈ ਹੈ। ਹਿਮਾਚਲ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਲਈ ਡਰੈੱਸ ਕੋਡ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਲੈ ਕੇ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਇੰਨਾ ਹੀ ਨਹੀਂ, ਹੁਕਮ ਵਿੱਚ ਨਿਯਮਾਂ ਦੀ ਉਲੰਘਣਾ ਕਰਨ ‘ਤੇ ਅਨੁਸ਼ਾਸਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਹੈ। ਪ੍ਰਸੋਨਲ ਵਿਭਾਗ ਵੱਲੋਂ ਜਾਰੀ ਹੁਕਮਾਂ ਵਿੱਚ ਸਰਕਾਰ ਨੇ ਸਪੱਸ਼ਟ ਕੀਤਾ ਕਿ ਸਰਕਾਰੀ ਦਫ਼ਤਰਾਂ ਵਿੱਚ ਕਰਮਚਾਰੀਆਂ ਦਾ ਪਹਿਰਾਵਾ ਸਾਫ਼-ਸੁਥਰਾ, ਸਾਦਗੀ ਭਰਿਆ ਅਤੇ ਪੇਸ਼ੇਵਰ (Professional) ਹੋਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕੰਮ ਵਾਲੀ ਥਾਂ ‘ਤੇ ਅਨੁਸ਼ਾਸਨ, ਮਰਿਆਦਾ ਅਤੇ ਪੇਸ਼ੇਵਰ ਅਕਸ ਬਣਾਈ ਰੱਖਣਾ ਜ਼ਰੂਰੀ ਹੈ। ਤਾਜ਼ਾ ਹੁਕਮਾਂ ਤੋਂ ਬਾਅਦ ਪੁਰਸ਼ ਕਰਮਚਾਰੀ ਦਫ਼ਤਰ ਵਿੱਚ ਸ਼ਰਟ-ਪੈਂਟ, ਟਰਾਊਜ਼ਰ ਵਰਗੇ ਫਾਰਮਲ ਕੱਪੜੇ ਪਹਿਨ ਕੇ ਆਉਣਗੇ। ਉੱਥੇ ਹੀ, ਮਹਿਲਾ ਕਰਮਚਾਰੀਆਂ ਲਈ ਸਾੜ੍ਹੀ, ਸੂਟ-ਸਲਵਾਰ-ਕਮੀਜ਼ ਅਤੇ ਫਾਰਮਲ ਡਰੈੱਸ ਨਿਰਧਾਰਿਤ ਕੀਤੀ ਗਈ ਹੈ।
ਦੱਸ ਦਈਏ ਕਿ ਇਨ੍ਹਾਂ ਹੁਕਮਾਂ ਵਿੱਚ, ਕਰਮਚਾਰੀਆਂ ਨੂੰ ਸੋਸ਼ਲ ਮੀਡੀਆ ‘ਤੇ ਵੀ ਅਨੁਸ਼ਾਸਨ ਬਣਾਈ ਰੱਖਣ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਸਰਕਾਰੀ ਨੀਤੀਆਂ ‘ਤੇ ਜਨਤਕ ਮੰਚਾਂ ‘ਤੇ ਨਿੱਜੀ ਰਾਏ ਦੇਣ ਤੋਂ ਬਚਣ, ਰਾਜਨੀਤਿਕ ਜਾਂ ਧਾਰਮਿਕ ਬਿਆਨਬਾਜ਼ੀ ਨਾ ਕਰਨ ਅਤੇ ਬਿਨਾਂ ਇਜਾਜ਼ਤ ਕਿਸੇ ਵੀ ਸਰਕਾਰੀ ਦਸਤਾਵੇਜ਼ ਜਾਂ ਜਾਣਕਾਰੀ ਨੂੰ ਸਾਂਝਾ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਅਜਿਹੀ ਕਿਸੇ ਵੀ ਪੋਸਟ ਜਾਂ ਬਿਆਨ ਤੋਂ ਬਚਣ ਲਈ ਕਿਹਾ ਗਿਆ ਹੈ, ਜਿਸ ਨਾਲ ਸਰਕਾਰ ਜਾਂ ਵਿਭਾਗ ਦੇ ਅਕਸ ‘ਤੇ ਮਾੜਾ ਅਸਰ ਪੈ ਸਕਦਾ ਹੋਵੇ। ਇਹ ਨਿਰਦੇਸ਼ ਕੇਂਦਰੀ ਸਿਵਲ ਸੇਵਾ (ਆਚਰਣ) ਨਿਯਮ, 1964 ਦੇ ਤਹਿਤ ਜਾਰੀ ਕੀਤੇ ਗਏ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























