India-US trade deal :ਭਾਰਤ -ਅਮਰੀਕਾ ਵਿਚਕਾਰ ਵਪਾਰ ਸਮਝੌਤੇ ‘ਤੇ ਮੀਟਿੰਗ ਮੁਲਤਵੀ
ਨਵੀ ਦਿੱਲੀ, 22 ਫਰਵਰੀ 2026 (ਵਿਸ਼ਵ ਵਾਰਤਾ) – ਭਾਰਤ ਅਤੇ ਅਮਰੀਕਾ ਵਿਚਾਲੇ ਅੰਤਰਿਮ ਵਪਾਰ ਸਮਝੌਤੇ ਨੂੰ ਲੈ ਕੇ ਹੋਣ ਵਾਲੀ ਮੀਟਿੰਗ ਮੁਲਤਵੀ ਕੀਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਹ ਮੀਟਿੰਗ 23-26 ਫਰਵਰੀ ਨੂੰ ਵਾਸ਼ਿੰਗਟਨ ਵਿੱਚ ਹੋਣੀ ਸੀ। ਦਰਅਸਲ, ਇਸ ਸਮਝੌਤੇ ਤਹਿਤ ਭਾਰਤ ਨੂੰ 18% ਟੈਰਿਫ ਦੇਣਾ ਸੀ, ਪਰ ਸ਼ੁੱਕਰਵਾਰ ਨੂੰ ਅਮਰੀਕੀ ਸੁਪਰੀਮ ਕੋਰਟ ਨੇ ਸਾਰੇ ਗਲੋਬਲ ਟੈਰਿਫ ਰੱਦ ਕਰ ਦਿੱਤੇ ਸਨ। ਇਸ ਤੋਂ ਬਾਅਦ ਟਰੰਪ ਨੇ ਸ਼ੁੱਕਰਵਾਰ ਨੂੰ ਹੀ ਦੁਨੀਆ ਭਰ ‘ਤੇ ਪਹਿਲਾਂ 10% ਟੈਰਿਫ ਲਗਾਇਆ ਅਤੇ ਫਿਰ 24 ਘੰਟਿਆਂ ਦੇ ਅੰਦਰ ਹੀ ਉਸ ਨੂੰ ਵਧਾ ਕੇ 15% ਕਰ ਦਿੱਤਾ।
ਹੁਣ ਟਰੰਪ ਦਾ 15% ਗਲੋਬਲ ਟੈਰਿਫ ਲਾਗੂ ਹੋ ਰਿਹਾ ਹੈ, ਜੋ ਕਿ ਡੀਲ ਵਾਲੇ 18% ਤੋਂ ਘੱਟ ਹੈ। ਇਸ ਕਾਰਨ ਦੋਵਾਂ ਪੱਖਾਂ ਨੇ ਤੈਅ ਕੀਤਾ ਹੈ ਕਿ ਇਹਨਾਂ ਬਦਲਾਅ ਦੀ ਸਮੀਖਿਆ ਕਰਨ ਤੋਂ ਬਾਅਦ ਮੀਟਿੰਗ ਦੀ ਨਵੀਂ ਤਰੀਕ ਤੈਅ ਕੀਤੀ ਜਾਵੇਗੀ। ਮੀਟਿੰਗ ਟਲਣ ਕਾਰਨ ਹੁਣ ਇਸ ਟ੍ਰੇਡ ਡੀਲ ਵਿੱਚ ਦੇਰੀ ਹੋ ਸਕਦੀ ਹੈ।
ਦੱਸ ਦਈਏ ਕਿ ਅਮਰੀਕੀ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਝਟਕਾ ਦਿੰਦੇ ਹੋਏ, ਦੁਨੀਆ ਭਰ ਦੇ ਦੇਸ਼ਾਂ ‘ਤੇ ਲਗਾਏ ਗਏ ਉਨ੍ਹਾਂ ਦੇ ਟੈਰਿਫ ਨੂੰ ਰੱਦ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਰਾਸ਼ਟਰਪਤੀ ਨੇ ਟੈਰਿਫ ਲਗਾ ਕੇ ਆਪਣੀਆਂ ਸ਼ਕਤੀਆਂ ਦੀ ਉਲੰਘਣਾ ਕੀਤੀ ਹੈ ਅਤੇ ਇਸ ਨੂੰ ਗੈਰ-ਕਾਨੂੰਨੀ ਦੱਸਿਆ ਸੀ।
ਇਸ ਦੇ ਤੁਰੰਤ ਬਾਅਦ ਟਰੰਪ ਨੇ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕਰਕੇ ਭਾਰਤ ਸਮੇਤ ਸਾਰੇ ਦੇਸ਼ਾਂ ‘ਤੇ 10% ਟੈਰਿਫ ਲਗਾ ਦਿੱਤਾ। ਇਹ ਟੈਰਿਫ 24 ਫਰਵਰੀ ਤੋਂ 150 ਦਿਨਾਂ ਲਈ ਲਾਗੂ ਹੋਣਾ ਸੀ। ਹਾਲਾਂਕਿ, ਸ਼ਨੀਵਾਰ ਨੂੰ ਉਨ੍ਹਾਂ ਨੇ ਇਸ ਟੈਰਿਫ ਨੂੰ ਵਧਾ ਕੇ 15 ਫੀਸਦੀ ਕਰਨ ਦਾ ਐਲਾਨ ਕਰ ਦਿੱਤਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























