America : ਗੁਰਦੁਆਰਾ ਸਾਹਿਬ ਤੋਂ ਅਗਵਾ ਹੋਏ ਸਿੱਖ ਵਿਅਕਤੀ ਦੀ ਮਿਲੀ ਲਾਸ਼
ਅਮਰੀਕਾ, 22 ਫਰਵਰੀ 2026 (ਵਿਸ਼ਵ ਵਾਰਤਾ): ਟਰੇਸੀਸ਼ਹਿਰ ਦੇ ਗੁਰਦੁਆਰਾ ਸਾਹਿਬ ਤੋਂ ਅਗਵਾ ਹੋਏ ਸਿੱਖ ਵਿਅਕਤੀ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਅਵਤਾਰ ਸਿੰਘ (57) ਵਜੋਂ ਹੋਈ ਹੈ, ਜੋ ਕਿ ਮੂਲ ਰੂਪ ਵਿੱਚ ਲੁਧਿਆਣਾ ਦੇ ਰਹਿਣ ਵਾਲੇ ਸਨ ਅਤੇ ਕਈ ਸਾਲਾਂ ਤੋਂ ਕੈਲੀਫੋਰਨੀਆ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਹੇ ਸਨ। ਪੁਲਿਸ ਵੱਲੋਂ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਬੀਤੇ ਦਿਨੀ ਪਰਿਵਾਰ ਨੇ ਸੈਨ ਜੋਆਕੁਇਨ ਕਾਊਂਟੀ ਸ਼ੈਰਿਫ਼ ਆਫਿਸ ਵਿੱਚ ਉਨ੍ਹਾਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ ਪੁਲਿਸ ਨੂੰ ਸੀਸੀਟੀਵੀ (CCTV) ਫੁਟੇਜ ਮਿਲੀ ਸੀ, ਜਿਸ ਵਿੱਚ ਇੱਕ ਸਫੈਦ ਰੰਗ ਦੀ SUV ਅਤੇ ਗੂੜ੍ਹੇ ਰੰਗ ਦੇ ਕੱਪੜੇ ਪਾਏ ਹੋਏ ਤਿੰਨ ਵਿਅਕਤੀ ਅਵਤਾਰ ਸਿੰਘ ਨੂੰ ਜ਼ਬਰਦਸਤੀ ਲਿਜਾਂਦੇ ਹੋਏ ਦਿਖਾਈ ਦੇ ਰਹੇ ਸਨ।
ਪੁਲਿਸ ਅਨੁਸਾਰ, 17 ਫਰਵਰੀ ਨੂੰ ਸ਼ਾਮ 8:52 ਵਜੇ ਲਾਪਤਾ ਹੋਣ ਦੀ ਸੂਚਨਾ ਮਿਲਣ ‘ਤੇ ਟੀਮ ਨੇ ਡਬਲਿਊ ਗ੍ਰਾਂਟ ਲਾਈਨ ਰੋਡ (W. Grant Line Road) ਦੇ 16000 ਬਲਾਕ ‘ਤੇ ਜਾਂਚ ਕੀਤੀ। ਪੁਲਿਸ ਨੇ ਅਵਤਾਰ ਸਿੰਘ ਅਤੇ ਸ਼ੱਕੀ SUV ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਜਾਰੀ ਕਰਕੇ ਲੋਕਾਂ ਨੂੰ ਜਾਣਕਾਰੀ ਦੇਣ ਦੀ ਅਪੀਲ ਕੀਤੀ ਸੀ।
ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਸ਼ਨੀਵਾਰ ਸ਼ਾਮ ਨੂੰ ਆਪਣੇ ਫੇਸਬੁੱਕ ਪੇਜ ‘ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਲਾਸ਼ ਮਿਲੀ ਹੈ। ਉਹ ਟਰੇਸੀ ਸਥਿਤ ਗੁਰਦੁਆਰਾ ਸਾਹਿਬ ਵਿੱਚ ਲਾਂਗਰੀ ਵਜੋਂ ਸੇਵਾ ਨਿਭਾਉਂਦੇ ਸਨ ਅਤੇ ਉੱਥੇ ਹੀ ਕੰਪਲੈਕਸ ਵਿੱਚ ਰਹਿੰਦੇ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















