ਵਿਸ਼ਵ ਮਾਂ ਬੋਲੀ ਦਿਹਾੜੇ ‘ਤੇ ; ਮੈਨੂੰ ਇਉਂ ਨਾ ਮਨੋਂ ਵਿਸਾਰ – ਪ੍ਰੋ.ਗੁਰਭਜਨ ਸਿੰਘ ਗਿੱਲ
ਚੰਡੀਗੜ੍ਹ, 21ਫਰਵਰੀ(ਵਿਸ਼ਵ ਵਾਰਤਾ)
ਕਈ ਸਾਲ ਪਹਿਲਾਂ ਯੂਨੈਸਕੋ ਦੀ ਰਿਪੋਰਟ ਦੇ ਹਵਾਲੇ ਨਾਲ ਸਮੁੱਚੇ ਵਿਸ਼ਵ ਵਿੱਚ ਇਹ ਚਰਚਾ ਆਮ ਹੋ ਗਈ ਸੀ ਕਿ ਆਉਦੇ 50 ਸਾਲਾਂ ਵਿੱਚ ਪੰਜਾਬੀ ਭਾਸ਼ਾ ਦਾ ਵਜੂਦ ਖਤਮ ਹੋਣ ਦੀਆਂ ਸੰਭਾਵਨਾਵਾਂ ਹਨ। ਇਸ ਗੱਲ ਨੂੰ ਵੀਹ ਸਾਲ ਹੋ ਗਏ ਹਨ। ਸ੍ਵ: ਕੁਲਦੀਪ ਨਈਅਰ ਨੇ ਜਦੋਂ ਇਹ ਟਿੱਪਣੀ ਕੁਝ ਸਾਲ ਪਹਿਲਾਂ ਇਸ ਰਿਪੋਰਟ ਦੇ ਹਵਾਲੇ ਨਾਲ ਕੀਤੀ ਸੀ ਤਾਂ ਸਾਡੇ ਬਹੁਤੇ ਵਿਦਵਾਨਾਂ ਨੇ ਇਸ ਨੂੰ ਸੱਚ ਕਰ ਜਾਣਿਆ ਅਤੇ ਰਾਤੋ ਰਾਤ ਫਿਕਰਮੰਦੀ ਦੇ ਮਤੇ ਪਾਸ ਕਰਨ ਲੱਗ ਪਏ। ਘਰ ਘਰ ਫੂਹੜੀਆਂ ਵਿਛਾ ਕੇ ਬੈਠ ਗਏ। ਅੰਤਿਮ ਸੰਸਕਾਰ ਵਾਲੀ ਮਾਨਸਿਕਤਾ ਨਾਲ ਅਸੀਂ ਆਪਣੀ ਜ਼ੁਬਾਨ ਨਾਲ ਕੋਝਾ ਵਿਹਾਰ ਕਰਨ ਲੱਗੇ।
ਕੁਝ ਸਿਆਣਿਆਂ ਨੇ ਰਿਪੋਰਟਾਂ ਫੋਲੀਆਂ ਤਾਂ ਗੱਲ ਵਿਚੋਂ ਇਹ ਨਿਕਲੀ ਕਿ ਜਿਹੜੀਆਂ ਭਾਸ਼ਾਵਾਂ ਖਤਰੇ ਅਧੀਨ ਹਨ ਉਨ੍ਹਾਂ ਵਿੱਚ ਪੰਜਾਬੀ ਦਾ ਵੀ ਨਾਂ ਬੋਲਦਾ ਹੈ। ਇਸ ਗੱਲ ਲਈ ਸਾਨੂੰ ਕਿਸੇ ਬਾਹਰਲੀ ਏਜੰਸੀ ਪਾਸੋਂ ਤਸਦੀਕ ਕਰਵਾਉਣ ਦੀ ਲੋੜ ਨਹੀਂ ਹੈ ਸਗੋਂ ਹਕੀਕਤ ਇਹ ਹੈ ਕਿ ਅਸੀਂ ਆਪਣੇ ਘਰਾਂ, ਪਰਿਵਾਰਾਂ, ਵਪਾਰਾਂ ਅਤੇ ਪਿਆਰਾਂ ਵਿੱਚੋਂ ਪੰਜਾਬੀ ਨੂੰ ਨਿਕਾਲਾ ਦੇ ਦਿੱਤਾ ਹੈ। ਤੁਸੀਂ ਦਿਨ ਚੜ੍ਹਨ ਤੋਂ ਸੂਰਜ ਅਸਤਣ ਤੀਕ ਆਪਣੀ ਜ਼ਿੰਦਗੀ ਨੂੰ ਖੁਦ ਵੇਖੋ। ਆਪਣੇ ਘਰ ਤੋਂ ਰੁਜ਼ਗਾਰ ਤੀਕ ਦੇ ਸਫਰ ਦੌਰਾਨ ਤੁਰਦੇ ਫਿਰਦੇ ਨਜ਼ਰ ਮਾਰੋ ਕਿ ਪੰਜਾਬੀ ਕਿਥੇ ਹੈ?
ਤੁਹਾਡੇ ਹੱਥ ਵਿੱਚ ਫੜਿਆ ਤੁਹਾਡਾ ਹੀ ਪਛਾਣ ਪੱਤਰ ਜਿਸ ਨੂੰ ਵਿਜ਼ਟਿੰਗ ਕਾਰਡ ਕਹਿੰਦੇ ਹੋ ਉਹ ਕਿਹੜੀ ਭਾਸ਼ਾ ਵਿੱਚ ਹੈ? ਤੁਹਾਡੇ ਘਰ ਦੀ ਨੰਬਰ ਪਲੇਟ ਅਤੇ ਨਾਮ ਕਿਸ ਭਾਸ਼ਾ ਵਿੱਚ ਹੈ? ਤੁਹਾਡੇ ਬੱਚਿਆਂ ਦੇ ਸਕੂਲ ਵਿੱਚ ਕਿਹੜੀ ਭਾਸ਼ਾ ਦੀ ਸਰਦਾਰੀ ਹੈ? ਤੁਹਾਡਾ ਬੱਚਾ ਟੀ. ਵੀ. ਚੈਨਲ ਤੇ ਕਿਸ ਭਾਸ਼ਾ ਦੇ ਪ੍ਰੋਗਰਾਮ ਦੇਖਦਾ ਹੈ। ਜੇਕਰ ਉਸ ਦਾ ਵੱਸ ਚੱਲੇ ਤਾਂ ਉਹ ਕਿਹੜੇ ਗੀਤਾਂ ਨੂੰ ਟੀ. ਵੀ. ਜਾਂ ਇੰਟਰੈਨੈੱਟ ਤੋਂ ਸੁਣਦਾ ਹੈ? ਤੁਸੀਂ ਆਪਣੇ ਤੋਂ ਲੈ ਕੇ ਬੱਚਿਆਂ ਤੀਕ ਦੇ ਪਹਿਰਾਵੇ, ਲੀੜੇ ਕੱਪੜਿਆਂ ਦੇ ਨਾਂ ਸੋਚੋ, ਬਹੁਤੇ ਪੰਜਾਬੀ ਵਿੱਚ ਨਹੀਂ ਹਨ। ਅੰ
ਗਰੇਜ਼ੀ ਜਾਂ ਕਿਸੇ ਹੋਰ ਜ਼ੁਬਾਨ ਤੋਂ ਆਏ ਹਨ। ਬੱਚਿਆਂ ਦੇ ਆਪਸੀ ਵਾਰਤਾਲਾਪ ਨੂੰ ਕਦੀ ਸੁਣਿਓ, ਓਹਲੇ ਬੈਠ ਕੇ। ਉਹ ਤੁਹਾਡੀ ਮਾਂ ਬੋਲੀ ਨੂੰ ਟਿੱਚ ਜਾਣਦੇ ਹਨ। ਉਨ੍ਹਾਂ ਕੋਲ ਆਪਣਾ ਅਨੁਭਵ ਹੈ ਅਤੇ ਉਸ ਅਨੁਭਵ ਦੀ ਭਾਸ਼ਾ ਹਿੰਦੀ ਜਾਂ ਅੰਗਰੇਜ਼ੀ ਬਣਾ ਦਿੱਤੀ ਗਈ ਹੈ। ਪੁੱਤਰ ਧੀਆਂ ਨੂੰ ਵਧੇਰੇ ਕਮਾਊ ਬਣਾਉਣ ਦੀ ਪ੍ਰਵਿਰਤੀ ਨੇ ਉਨ੍ਹਾਂ ਕੁਲੀਨ ਵਰਗ ਦੇ ਵਿਦਿਅਕ ਅਦਾਰਿਆਂ ਵਿੱਚ ਪੜ੍ਹਨ ਦੀ ਹੋੜ ਲਾ ਦਿੱਤੀ ਹੈ ਜਿਥੇ ਮਾਂ ਬੋਲੀ ਦਾ ਰੁਤਬਾ ਕਿਸੇ ਨੌਕਰਾਣੀ ਜਾਂ ਗੋਲੀ ਤੋਂ ਵੱਧ ਨਹੀਂ।
ਹਕੀਕਤ ਇਹ ਹੈ ਕਿ ਬੱਚਾ ਜੰਮਣ ਸਾਰ ਮਾਪਿਆਂ ਦੀ ਇੱਛਾ ਵਿੱਚ ਇਹ ਗੱਲ ਬੁਰੀ ਤਰ੍ਹਾਂ ਘਰ ਕਰ ਜਾਂਦੀ ਹੈ ਕਿ ਬੱਚੇ ਨੂੰ ਕੀ ਬਣਾਉਣਾ ਹੈ। ਅੱਜਕਲ ਹਰ ਮਾਂ ਡਾਕਟਰ, ਇੰਜੀਨੀਅਰ ਜਾਂ ਬਹੁ ਕੌਮੀ ਕੰਪਨੀ ਦਾ ਮੈਨੇਜਰ ਜੰਮਦੀ ਹੈ ਜਿਸ ਦੀ ਤਨਖਾਹ ਪਹਿਲੀ ਨਿਯੁਕਤੀ ਤੇ ਹੀ ਘੱਟੋ ਘੱਟ ਲੱਖਾਂ ਰੁਪਏ ਹੋਵੇ। ਮਾਂਵਾਂ ਪੁੱਤਰ ਧੀਆਂ ਨਹੀਂ ਜੰਮਦੀਆਂ ਕਮਾਊ ਸੰਦ ਜੰਮਦੀਆਂ ਹਨ ਜਿਹੜੇ ਉਨ੍ਹਾਂ ਦੇ ਬੁਢਾਪੇ ਵੇਲੇ ਵੱਧ ਧਨ ਪ੍ਰਾਪਤੀ ਨਾਲ ਪਰਿਵਾਰਕ ਖੁਸ਼ਹਾਲੀ ਨੂੰ ਯਕੀਨੀ ਬਣਾ ਸਕਣ। ਇਥੋਂ ਹੀ ਭਾਸ਼ਾ ਦਾ ਘਾਣ ਸ਼ੁਰੂ ਹੁੰਦਾ ਹੈ।
ਵਿਰਸੇ ਦੀ ਮਮਤਾ ਪਾਲਣ ਵਾਲੇ ਲੋਕ ਇਹ ਗੱਲ ਜਾਣਦੇ ਹਨ ਕਿ ਪੰਘੂੜੇ ਤੋਂ ਲੈ ਕੇ ਮਾਂ ਬੋਲੀ ਹਰ ਪੈਰ ਤੇ ਤੁਹਾਡੇ ਅੰਗ ਸੰਗ ਰਹਿੰਦੀ ਹੈ ਪਰ ਇਹ ਰਿਸ਼ਤਾ ਤਾਂ ਹੀ ਨਿਭਦਾ ਹੈ ਜੇਕਰ ਮਾਪਿਆਂ ਨੇ ਆਪਣੇ ਜੀਵਨ ਵਿਹਾਰ ਵਿੱਚ ਆਪਣੀ ਮਾਂ ਬੋਲੀ ਲਈ ਸਤਿਕਾਰ ਯੋਗ ਥਾਂ ਰੱਖੀ ਹੋਈ ਹੈ। ਜੇਕਰ ਮਾਂ ਬੋਲੀ ਬੋਲਦੇ ਬੱਚੇ ਨੂੰ ਸਮਾਜਿਕ ਨਿਜ਼ਾਮ ਨੇ ਉਜੱਡ ਹੀ ਸਮਝਣਾ ਹੈ ਜਾਂ ਬੱਚੇ ਨੂੰ ਕੁਲੀਨ ਵਰਗ ਦੀ ਭਾਸ਼ਾ ਸਿਖਾਉਣ ਲਈ ਤੁਸੀਂ ਆਪਣੀ ਮਾਂ ਬੋਲੀ ਦੀ ਬਲੀ ਦੇਣੀ ਹੈ ਤਾਂ ਬਾਲ ਮਨ ਦੇ ਵਿਕਾਸ ਦੇ ਸਾਰੇ ਮੌਕੇ ਹੀ ਉਸ ਤੋਂ ਖੁੱਸ ਜਾਣੇ ਹਨ।
ਮੁੱਢਲੀ ਗੱਲ ਇਹੀ ਹੈ ਕਿ ਜਦ ਤਕ ਬੱਚਾ ਅੱਖ਼ਰ ਗਿਆਨ ਦੇ ਲੜ ਨਹੀਂ ਲੱਗਦਾ ਓਨਾ ਚਿਰ ਉਸ ਦੀ ਕੋਰੀ ਤਖਤੀ ਤੇ ਹੋਰ ਭਾਸ਼ਾਵਾਂ ਦੇ ਘੁੱਗੂ ਘੋੜੇ ਨਾ ਵਾਹੋ। ਕੋਰੀ ਤਖਤੀ ਤੇ ਮਨਚਾਹੇ ਅੱਖ਼ਰ ਲਿਖਿਆਂ ਝਰੀਟਾਂ ਪੈਂਦੀਆਂ ਹਨ। ਪਰਿਵਾਰਕ ਮਾਹੌਲ ਵਿੱਚ ਹੀ ਮਾਂ ਬੋਲੀ ਦਾ ਸਤਿਕਾਰ ਬਣਾਈ ਰੱਖੋ। ਅੱਖਰਾਂ ਵੇਲੇ ਉਸ ਨੂੰ ਮਾਂ ਬੋਲੀ ਪੰਜਾਬੀ ਲਈ ਸਮਰੱਥ ਲਿੱਪੀ ਗੁਰਮੁਖੀ ਨਾਲ ਸ਼ਬਦ ਸਾਂਝ ਪੁਆਓ। ਪਿਆਰ ਦੀ ਭਾਸ਼ਾ ਮਾਂ ਬੋਲੀ ਹੀ ਹੁੰਦੀ ਹੈ ਜੇਕਰ ਤੁਸੀਂ ਪਿਆਰ ਦੀ ਭਾਸ਼ਾ ਸਿੱਖ ਜਾਓਗੇ ਤਾਂ ਰੁਜ਼ਗਾਰ ਦੀ ਕੋਈ ਵੀ ਭਾਸ਼ਾ ਸਿੱਖਣੀ ਤੁਹਾਡੇ ਲਈ ਹੋਰ ਵੀ ਆਸਾਨ ਹੋ ਜਾਵੇਗੀ।
ਪਿਆਰ ਦੀ ਭਾਸ਼ਾ ਸਿੱਖਣ ਲਈ ਪੰਜਾਬ ਸਰਕਾਰ ਦੇ ਕਿਸੇ ਵੀ ਵਿਸੇਸ਼ ਨੋਟੀਫਿਕੇਸ਼ਨ ਦੀ ਲੋੜ ਨਹੀਂ ਨਾ ਹੀ ਜ਼ਿਲ੍ਹਾ ਪੱਧਰ ਦੀਆਂ ਕਮੇਟੀਆਂ ਬਣਾਉਣ ਦੀ ਲੋੜ ਹੈ? ਤੁਸੀਂ ਆਪ ਦੱਸੋ ਕਿ ਆਪਣੇ ਹੀ ਪੰਜਾਬ ਦੇ ਧੀਆਂ ਪੁੱਤਰਾਂ ਨੂੰ ਇਹ ਕਹਿਣਾ ਪਵੇ ਕਿ ਆਪਣੀ ਮਾਂ ਬੋਲੀ ਵਿੱਚ ਕੰਮ-ਕਾਰ ਕਰਿਆ ਕਰੋ ਤਾਂ ਇਸ ਤੋਂ ਵੱਡੀ ਸਿਤਮ ਵਾਲੀ ਗੱਲ ਕਿਹੜੀ ਹੋਵੇਗੀ। ਅੱਗੋਂ ਪੁੱਤਰ ਧੀਆਂ ਇਹ ਆਖਣ ਕਿ ਪਹਿਲਾਂ ਸਾਡੇ ਲਈ ਸਖਤ ਕਾਨੂੰਨ ਬਣਾਓ, ਭਾਸ਼ਾ ਟ੍ਰਿਬਿਊਨਲ ਬਣਾਓ ਫਿਰ ਅਸੀਂ ਮਾਂ ਬੋਲੀ ਵਿੱਚ ਕੰਮ ਕਾਜ ਕਰਾਂਗੇ ਤਾਂ ਇਸ ਤੋਂ ਵੱਡੀ ਹਾਰ ਕੀ ਹੋਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























