CM ਭਗਵੰਤ ਮਾਨ ਦਾ ਹਾਲ ਜਾਣਨ ਹਸਪਤਾਲ ਪਹੁੰਚੇ ਮਨੀਸ਼ ਸਿਸੋਦੀਆ
– ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਦਿੱਤਾ ਵੱਡਾ ਅਪਡੇਟ
ਚੰਡੀਗੜ੍ਹ, 18 ਫਰਵਰੀ 2026 (ਵਿਸ਼ਵ ਵਾਰਤਾ): ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਮਿਲਣ ਲਈ ਅੱਜ ਆਮ ਆਦਮੀ ਪਾਰਟੀ ਦੇ ਇੰਚਾਰਜ ਮਨੀਸ਼ ਸਿਸੋਦੀਆ ਪਹੁੰਚੇ। ਉਨ੍ਹਾਂ ਸੀਐਮ ਭਗਵੰਤ ਮਾਨ ਦਾ ਹਾਲ ਜਾਣਿਆ। ਇਸ ਤੋਂ ਬਾਅਦ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੀਐਮ ਸਾਹਿਬ ਹੁਣ ਠੀਕ ਹਨ। ਉਨ੍ਹਾਂ ਦੀ ਸਿਹਤ ਵਿੱਚ ਕਾਫੀ ਸੁਧਾਰ ਹੈ।
ਜਦੋਂ ਮੀਡੀਆ ਨੇ ਸਵਾਲ ਕੀਤਾ ਕਿ ਉਹ ਕਦੋਂ ਤੱਕ ਡਿਸਚਾਰਜ ਹੋਣਗੇ, ਤਾਂ ਇਸ ‘ਤੇ ਸਿਸੋਦੀਆ ਨੇ ਕਿਹਾ, “ਮੇਰੀ ਅਜੇ ਤੱਕ ਡਾਕਟਰ ਨਾਲ ਮੁਲਾਕਾਤ ਨਹੀਂ ਹੋਈ ਹੈ, ਇਸ ਲਈ ਕੁਝ ਕਹਿਣਾ ਮੁਸ਼ਕਿਲ ਹੈ। ਮੈਨੂੰ ਨਹੀਂ ਲੱਗਦਾ ਕਿ ਅੱਜ ਡਿਸਚਾਰਜ ਹੋਣਗੇ, ਪਰ ਸੰਭਵ ਹੈ ਕਿ ਕੱਲ੍ਹ ਤੱਕ ਹਸਪਤਾਲ ਤੋਂ ਛੁੱਟੀ ਮਿਲ ਜਾਵੇ।
ਦੱਸ ਦਈਏ ਕਿ 15 ਫਰਵਰੀ ਸ਼ਿਵਰਾਤਰੀ ਵਾਲੇ ਦਿਨ ਦੁਪਹਿਰ ਵੇਲੇ ਸੀਐਮ ਸੰਗਰੂਰ ਦੇ ਧੂਰੀ ਸਥਿਤ ਸ਼੍ਰੀ ਰਣਕੇਸ਼ਵਰ ਮਹਾਦੇਵ ਸ਼ਿਵ ਮੰਦਰ ਵਿੱਚ ਪੂਜਾ-ਅਰਚਨਾ ਕਰਨ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਦੇ ਨਾਲ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਵੀ ਮੌਜੂਦ ਸਨ। ਤਿੰਨੋਂ ਨੇਤਾਵਾਂ ਨੇ ਮੰਦਰ ਵਿੱਚ ਪੂਜਾ-ਪਾਠ ਅਤੇ ਹਵਨ ਯੱਗ ਕੀਤਾ। ਇਸ ਤੋਂ ਬਾਅਦ ਸੀਐਮ ਦੀ ਤਬੀਅਤ ਵਿਗੜ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਮੋਹਾਲੀ ਦੇ ਫੋਰਟਿਸ ਹਸਪਤਾਲ ਲਿਜਾਇਆ ਗਿਆ।
ਅਗਲੇ ਦਿਨ ਉਹ 16 ਫਰਵਰੀ ਨੂੰ ਮੋਗਾ ਰੈਲੀ ਵਿੱਚ ਸ਼ਾਮਲ ਹੋਏ। ਉਸ ਤੋਂ ਬਾਅਦ ਫਿਰ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਮੰਗਲਵਾਰ ਰਾਤ ਜਾਰੀ ਕੀਤੇ ਗਏ ਸਿਹਤ ਬੁਲੇਟਿਨ ਵਿੱਚ ਹਸਪਤਾਲ ਨੇ ਦੱਸਿਆ ਗਿਆ ਕਿ ਸੀਐਮ 16 ਫਰਵਰੀ ਨੂੰ ਨਿਯਮਤ ਜਾਂਚ ਲਈ ਫੋਰਟਿਸ ਹਸਪਤਾਲ ਆਏ ਸਨ। ਹੁਣ ਉਹ ਠੀਕ ਹਨ। ਉਹਨਾਂ ਨੂੰ ਜ਼ਿਆਦਾ ਥਕਾਵਟ ਮਹਿਸੂਸ ਹੋ ਰਹੀ ਸੀ, ਇਸ ਲਈ ਡਾਕਟਰਾਂ ਦੀ ਨਿਗਰਾਨੀ ਹੇਠ ਆਰਾਮ ਅਤੇ ਇਲਾਜ ਲਈ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਹੈ। ਉਹਨਾਂ ਦੀ ਹਾਲਤ ਸਥਿਰ ਹੈ ਅਤੇ ਡਾਕਟਰਾਂ ਦੀ ਟੀਮ ਉਹਨਾਂ ਦੀ ਦੇਖਭਾਲ ਕਰ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























