T20 World Cup: ਨੇਪਾਲ ਨੇ ਸਕਾਟਲੈਂਡ ਨੂੰ ਹਰਾ ਕੇ ਦਰਜ ਕੀਤੀ ਪਹਿਲੀ ਜਿੱਤ
ਨਵੀ ਦਿੱਲੀ, 17 ਫਰਵਰੀ 2026 (ਵਿਸ਼ਵ ਵਾਰਤਾ) – ਨੇਪਾਲ ਨੇ ਟੀ-20 ਵਰਲਡ ਕੱਪ 2026 ਵਿੱਚ ਆਪਣੀ ਪਹਿਲੀ ਜਿੱਤ ਹਾਸਲ ਕਰ ਲਈ ਹੈ। ਟੀਮ ਨੇ ਸਕਾਟਲੈਂਡ ਨੂੰ 7 ਵਿਕਟਾਂ ਨਾਲ ਹਰਾਇਆ। ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਨੇਪਾਲ ਨੇ ਗਰੁੱਪ ਸੀ ਦੇ ਇਸ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ ਵਰਲਡ ਕੱਪ ਵਿੱਚ ਪਹਿਲੀ ਵਾਰ ਟਾਸ ਜਿੱਤਿਆ ਹੈ।
ਸਕਾਟਲੈਂਡ ਨੇ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 170 ਦੌੜਾਂ ਬਣਾਈਆਂ। ਜਵਾਬੀ ਪਾਰੀ ਵਿੱਚ ਨੇਪਾਲ ਨੇ 19.2 ਓਵਰਾਂ ਵਿੱਚ 3 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਦੀਪੇਂਦਰ ਸਿੰਘ ਐਰੀ ਨੇ 23 ਗੇਂਦਾਂ ਵਿੱਚ 50 ਦੌੜਾਂ ਦੀ ਨਾਬਾਦ ਪਾਰੀ ਖੇਡੀ। ਓਪਨਰ ਕੁਸ਼ਲ ਭੁਰਤੇਲ ਨੇ 43 ਦੌੜਾਂ ਬਣਾਈਆਂ। ਸਕਾਟਲੈਂਡ ਵੱਲੋਂ ਮਾਈਕਲ ਲੀਸਕ ਨੂੰ 3 ਵਿਕਟਾਂ ਮਿਲੀਆਂ।
ਸਕਾਟਲੈਂਡ ਵੱਲੋਂ ਓਪਨਰ ਮਾਈਕਲ ਜੋਨਸ (71 ਦੌੜਾਂ) ਨੇ ਅਰਧ ਸੈਂਕੜਾ ਲਗਾਇਆ। ਜਾਰਜ ਮੁਨਸੇ ਨੇ 27 ਅਤੇ ਬ੍ਰੈਂਡਨ ਮੈਕਮੁਲੇਨ ਨੇ 25 ਦੌੜਾਂ ਬਣਾਈਆਂ। ਬਾਕੀ ਬੱਲੇਬਾਜ਼ ਕੋਈ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ। ਨੇਪਾਲ ਵੱਲੋਂ ਸੋਮਪਾਲ ਕਾਮੀ ਨੇ 3 ਵਿਕਟਾਂ ਝਟਕਾਈਆਂ। ਨੰਦਨ ਯਾਦਵ ਨੂੰ 2 ਵਿਕਟਾਂ ਮਿਲੀਆਂ, ਜਦਕਿ ਕਪਤਾਨ ਰੋਹਿਤ ਪੌਡੇਲ ਅਤੇ ਕੁਸ਼ਲ ਭੁਰਤੇਲ ਨੇ ਇੱਕ-ਇੱਕ ਵਿਕਟ ਲਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























