T20 World Cup: ਸੁਪਰ-8 ਪੜਾਅ ਵਿੱਚ ਕਿਹੜੀਆਂ ਟੀਮਾਂ ਨਾਲ ਭਿੜੇਗਾ ਭਾਰਤ; ਸਾਹਮਣੇ ਆਏ ਨਾਮ
ਨਵੀ ਦਿੱਲੀ, 17 ਫਰਵਰੀ 2026 (ਵਿਸ਼ਵ ਵਾਰਤਾ) – ਟੀ-20 ਵਿਸ਼ਵ ਕੱਪ ਵਿੱਚ ਸੁਪਰ-8 ਪੜਾਅ ਦੀਆਂ 7 ਟੀਮਾਂ ਤੈਅ ਹੋ ਚੁੱਕੀਆਂ ਹਨ। ਆਖਰੀ ਟੀਮ ਦਾ ਫੈਸਲਾ ਬੁੱਧਵਾਰ ਨੂੰ ਪਾਕਿਸਤਾਨ-ਨਾਮੀਬੀਆ ਮੈਚ ਨਾਲ ਹੋਵੇਗਾ। ਜੇਕਰ ਪਾਕਿਸਤਾਨ ਜਿੱਤਦਾ ਹੈ, ਤਾਂ ਉਹ ਸੁਪਰ-8 ਦੇ ਗਰੁੱਪ-2 ਵਿੱਚ ਪਹੁੰਚ ਜਾਵੇਗਾ। ਜੇਕਰ ਨਾਮੀਬੀਆ ਜਿੱਤ ਗਿਆ, ਤਾਂ ਅਮਰੀਕਾ ਗਰੁੱਪ-2 ਵਿੱਚ ਪਹੁੰਚ ਜਾਵੇਗਾ।
ਅੱਜ ਜ਼ਿੰਬਾਬਵੇ ਅਤੇ ਆਇਰਲੈਂਡ ਵਿਚਾਲੇ ਹੋਣ ਵਾਲਾ ਮੁਕਾਬਲਾ ਮੀਂਹ ਦੀ ਭੇਟ ਚੜ੍ਹ ਗਿਆ, ਜਿਸ ਨਾਲ ਸੁਪਰ-8 ਲਈ ਕੁਆਲੀਫਾਈ ਕਰਨ ਵਾਲੀ ਜ਼ਿੰਬਾਬਵੇ ਸੱਤਵੀਂ ਟੀਮ ਬਣ ਗਈ ਹੈ। ਇਸ ਦੇ ਨਾਲ ਹੀ ਭਾਰਤ ਦੇ ਸੁਪਰ-8 ਮੁਕਾਬਲੇ ਲਈ ਵਿਰੋਧੀ ਟੀਮਾਂ ਦੇ ਨਾਮ ਵੀ ਸਾਹਮਣੇ ਆ ਗਏ ਹਨ। ਟੀਮ ਇੰਡੀਆ ਗਰੁੱਪ-1 ਵਿੱਚ ਰਹੇਗੀ, ਜਿੱਥੇ ਉਸਦਾ ਸਾਹਮਣਾ ਦੱਖਣੀ ਅਫਰੀਕਾ, ਵੈਸਟਇੰਡੀਜ਼ ਅਤੇ ਜ਼ਿੰਬਾਬਵੇ ਨਾਲ ਹੋਵੇਗਾ। ਗਰੁੱਪ-1 ਵਿੱਚ ਪਹਿਲਾਂ ਆਸਟ੍ਰੇਲੀਆ ਦੇ ਆਉਣ ਦੀ ਉਮੀਦ ਸੀ, ਪਰ ਉਹ ਲੀਗ ਪੜਾਅ ਤੋਂ ਹੀ ਬਾਹਰ ਹੋ ਗਈ ਹੈ। ਉਸਦੀ ਜਗ੍ਹਾ ਗਰੁੱਪ-ਬੀ ਵਿੱਚੋਂ ਜ਼ਿੰਬਾਬਵੇ ਨੇ ਸੁਪਰ-8 ਦੇ ਗਰੁੱਪ-1 ਲਈ ਕੁਆਲੀਫਾਈ ਕੀਤਾ ਹੈ।
7 ਫਰਵਰੀ ਤੋਂ ਸ਼ੁਰੂ ਹੋਏ ਟੂਰਨਾਮੈਂਟ ਵਿੱਚ 20 ਫਰਵਰੀ ਤੱਕ ਗਰੁੱਪ ਪੜਾਅ (ਸਟੇਜ) ਦੇ ਮੁਕਾਬਲੇ ਖੇਡੇ ਜਾਣਗੇ। 21 ਫਰਵਰੀ ਤੋਂ ਸੁਪਰ-8 ਪੜਾਅ ਸ਼ੁਰੂ ਹੋਵੇਗਾ। ਸੁਪਰ 8 ਪੜਾਅ ਵਿੱਚ ਚਾਰ ਟੀਮਾਂ ਦੇ ਦੋ ਗਰੁੱਪ ਹੋਣਗੇ, ਹਰੇਕ ਟੀਮ ਆਪਣੇ ਗਰੁੱਪ ਦੀਆਂ ਦੂਜੀਆਂ ਟੀਮਾਂ ਵਿਰੁੱਧ ਤਿੰਨ ਮੈਚ ਖੇਡੇਗੀ। ਪਹਿਲਾ ਸੈਮੀਫਾਈਨਲ 4 ਮਾਰਚ ਨੂੰ ਹੋਵੇਗਾ, ਜਦੋਂ ਕਿ ਦੂਜਾ ਸੈਮੀਫਾਈਨਲ 5 ਮਾਰਚ ਨੂੰ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਜੇਤੂ ਟੀਮਾਂ 8 ਮਾਰਚ ਨੂੰ ਫਾਈਨਲ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























