Punjab : ਗੁਰਦੁਆਰਾ ਸਾਹਿਬ ‘ਚ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ
ਚੰਡੀਗੜ੍ਹ, 9 ਫਰਵਰੀ 2026 (ਵਿਸ਼ਵ ਵਾਰਤਾ) – ਫਿਲੌਰ ਦੇ ਨੇੜੇ ਇਕ ਗੁਰਦੁਆਰਾ ਸਾਹਿਬ ‘ਚ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ। ਇਸ ਘਟਨਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਪੂਰੀ ਸੰਗਤ ਅਤੇ ਸਿੱਖ ਜਥੇਬੰਦੀਆਂ ਵਿੱਚ ਸੋਗ ਦੀ ਲਹਿਰ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ ਬੀਤੀ ਰਾਤ ਅਨੀਹਰ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ। ਦਰਅਸਲ ਪਿੰਡ ਵਿੱਚ ਦੋ ਦਿਨ ਪਹਿਲਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ ਸੀ। ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿੱਚ ਸਮਾਗਮ ਤੋਂ ਬਾਅਦ ਰਾਤ ਕਰੀਬ 10 ਵਜੇ ਸੇਵਾਦਾਰਾਂ ਨੇ ਹਾਲ ਬੰਦ ਕਰ ਦਿੱਤਾ ਸੀ।ਕੁਝ ਹੀ ਦੇਰ ਬਾਅਦ ਨੇੜੇ ਰਹਿਣ ਵਾਲੇ ਲੋਕਾਂ ਨੇ ਹਾਲ ਵਿੱਚੋਂ ਧੂੰਆਂ ਨਿਕਲਦਾ ਦੇਖਿਆ। ਜਦੋਂ ਤੱਕ ਗੁਰਦੁਆਰਾ ਕਮੇਟੀ ਅਤੇ ਸ਼ਰਧਾਲੂ ਮੌਕੇ ‘ਤੇ ਪਹੁੰਚੇ, ਅੱਗ ਭਿਆਨਕ ਰੂਪ ਧਾਰਨ ਕਰ ਚੁੱਕੀ ਸੀ।
ਸ਼ਰਧਾਲੂਆਂ ਅਤੇ ਪਿੰਡ ਵਾਸੀਆਂ ਨੇ ਬਹੁਤ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ, ਪਰ ਤਦ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋ ਚੁੱਕੇ ਸਨ। ਇਸ ਦ੍ਰਿਸ਼ ਨੂੰ ਦੇਖ ਕੇ ਸੰਗਤ ਦੀਆਂ ਅੱਖਾਂ ਨਮ ਹੋ ਗਈਆਂ। ਘਟਨਾ ਦੀ ਸੂਚਨਾ ਮਿਲਣ ‘ਤੇ ਡੀ.ਐਸ.ਪੀ. ਫਿਲੌਰ ਭਰਤ ਮਸੀਹ ਅਤੇ ਗੋਰਾਇਆ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ। ਡੀਐਸਪੀ ਭਰਤ ਮਸੀਹ ਨੇ ਪੁਸ਼ਟੀ ਕੀਤੀ ਹੈ ਕਿ ਇਹ ਮਾਮਲਾ ਸ਼ਾਰਟ ਸਰਕਟ ਦਾ ਜਾਪਦਾ ਹੈ, ਫਿਰ ਵੀ ਪੂਰੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























