Punjab : ‘ਆਪ’ ਆਗੂਆਂ ਵੱਲੋਂ ਚੰਡੀਗੜ੍ਹ ‘ਚ ਰੋਸ ਪ੍ਰਦਰਸ਼ਨ; ਪੁਲਿਸ ਨੇ ਕੀਤੀ ਵਾਟਰ ਕੈਨਨ ਦੀ ਵਰਤੋਂ!
– ਵਿੱਤ ਮੰਤਰੀ ਚੀਮਾ ਤੇ ਸਿਹਤ ਮੰਤਰੀ ਬਲਬੀਰ ਸਿੰਘ ਸਣੇ ਕਈ ਆਗੂ ਕੀਤੇ ਡਿਟੇਨ
ਚੰਡੀਗੜ੍ਹ, 9 ਫ਼ਰਵਰੀ (ਵਿਸ਼ਵ ਵਾਰਤਾ) : ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਪੰਜਾਬ ਦੀ ਆਮ ਆਦਮੀ ਪਾਰਟੀ (AAP) ਨੇ ਅੱਜ ਚੰਡੀਗੜ੍ਹ ਵਿੱਚ ਕਾਂਗਰਸ ਅਤੇ ਬਾਜਵਾ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਮੰਤਰੀ ਹਰਭਜਨ ਸਿੰਘ ਈ.ਟੀ.ਓ. ਬਾਰੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੇ ਗਏ ਬਿਆਨਾਂ ਦੇ ਵਿਰੋਧ ਵਿੱਚ ਆਪ ਆਗੂ ਬਾਜਵਾ ਦੀ ਰਿਹਾਇਸ਼ ਦਾ ਘੇਰਾਓ ਕਰਨ ਪਹੁੰਚੇ ਅਤੇ ਬੈਂਡ-ਵਾਜਾ ਵਜਾ ਕੇ ਰੋਸ ਪ੍ਰਗਟਾਇਆ।

ਦੂਜੇ ਪਾਸੇ, ਪੁਲਿਸ ਨੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਵਾਟਰ ਕੈਨਨ ਤਾਇਨਾਤ ਕੀਤੀਆਂ। ਇਸ ਦੇ ਨਾਲ ਹੀ ਸੈਕਟਰ-4 ਐਮ.ਐਲ.ਏ. ਹੋਸਟਲ ਦੇ ਬਾਹਰ ਬੈਰੀਕੇਡਿੰਗ ਕੀਤੀ ਗਈ। ਪ੍ਰਤਾਪ ਸਿੰਘ ਬਾਜਵਾ ਦੇ ਘਰ ਵੱਲ ਵਧਦੇ ਹੋਏ ਆਪ ਆਗੂਆਂ ਅਤੇ ਪੁਲਿਸ ਵਿਚਕਾਰ ਟਕਰਾਅ ਹੋ ਗਿਆ। ਪੁਲਿਸ ਨੇ ਵਰਕਰਾਂ ‘ਤੇ ਵਾਟਰ ਕੈਨਨ ਨਾਲ ਪਾਣੀ ਦੀਆਂ ਬੌਛਾਰਾਂ ਕੀਤੀਆਂ, ਜਿਸ ਕਾਰਨ ਮਾਹੌਲ ਤਣਾਅਪੂਰਣ ਬਣ ਗਿਆ। ਇਸ ਦੌਰਾਨ ਪੁਲਿਸ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਹਰਭਜਨ ਸਿੰਘ ਈ.ਟੀ.ਓ., ਸਿਹਤ ਮੰਤਰੀ ਬਲਬੀਰ ਸਿੰਘ ਅਤੇ ਹੋਰ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ।
ਦੱਸ ਦਈਏ ਕਿ ਜੰਡਿਆਲਾ ਗੁਰੂ ਵਿੱਚ ਕੁਝ ਦਿਨ ਪਹਿਲਾਂ ਕਾਂਗਰਸ ਦੀ ਮਨਰੇਗਾ ਰੈਲੀ ‘ਚ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ “ਹਰਭਜਨ ਸਿੰਘ ਈ.ਟੀ.ਓ. ਪਹਿਲਾਂ ਬੈਂਡ ਵਜਾਉਂਦਾ ਰਿਹਾ ਹੈ। ਮੇਰੇ ਭਰਾਵੋ, ਸ਼ਾਇਦ ਤੁਹਾਨੂੰ ਪਤਾ ਨਹੀਂ ਹੋਵੇਗਾ ਕਿ ਜਿਹੜਾ ਵੱਡਾ ਮਹਿਕਮਾ ਉਸ ਕੋਲ ਹੈ, ਉਸ ਵਿੱਚ ਲੁੱਟ ਹੋ ਰਹੀ ਹੈ। ਹੁਣ ਇਹ ਸਿਰਫ਼ ਬੈਂਡ ਵਜਾਉਣ ਵਾਲਾ ਨਹੀਂ ਰਹਿ ਗਿਆ, ਇਸ ਨੇ ਤਾਂ ਪੰਜਾਬ ਦਾ ਬੈਂਡ ਵਜਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਇਸ ਦਾ ਬੈਂਡ ਚੰਗੀ ਤਰ੍ਹਾਂ ਵਜਾਵਾਂਗੇ। ਇਹ ਸਾਡੀ ਸਾਰਿਆਂ ਨਾਲ ਵਚਨਬੱਧਤਾ ਹੈ। ਨੋਟ ਕਰ ਲਓ, ਅਸੀਂ ਭੱਜਣ ਵਾਲੇ ਨਹੀਂ ਹਾਂ।” ਪ੍ਰਤਾਪ ਸਿੰਘ ਬਾਜਵਾ ਦੇ ਇਸ ਬਿਆਨ ਨੂੰ ਲੈ ਕੇ ‘ਆਪ’ ਆਗੂਆਂ ਨੇ ਕਾਂਗਰਸੀ ਆਗੂ ਨੂੰ ਤੁਰੰਤ ਮੁਆਫ਼ੀ ਮੰਗਣ ਦੀ ਮੰਗ ਕੀਤੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























