ਚੰਡੀਗੜ, 19 ਮਾਰਚ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜ਼ੋਰੀ ਜਿਲੇ ਵਿੱਚ ਪਾਕਿਸਤਾਨੀ ਫੌਜ ਵੱਲੋ ਅਸਲ ਕਬਜੇ ਵਾਲੀ ਰੇਖਾ ਦੀ ਉਲੰਘਣਾ ਕਰਕੇ ਕੀਤੀ ਗੋਲੀਬਾਰੀ ਦੇ ਕਾਰਨ ਸ਼ਹੀਦ ਹੋਏ ਸਿਪਾਹੀ ਕਰਮਜੀਤ ਸਿੰਘ ਦੇ ਪਰਿਵਾਰ ਨੂੰ 12 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਲਈ ਰੱਖਿਆ ਸੇਵਾਵਾਂ ਭਲਾਈ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ।
ਇਕ ਸਰਕਾਰੀ ਬੁਲਾਰੇ ਅਨੁਸਾਰ ਇਸ ਰਾਹਤ ਵਿੱਚ 7 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ 5 ਲੱਖ ਰੁਪਏ ਜ਼ਮੀਨ ਦੇ ਬਦਲੇ ਦਿੱਤੇ ਗਏ ਹਨ ਜੋ ਕਿ ਸਰਕਾਰ ਦੀ ਮੌਜੂਦਾ ਨੀਤੀ ਦੇ ਅਨੁਸਾਰ ਸ਼ਹੀਦ ਦੇ ਵਾਰਸਾਂ ਨੂੰ ਦਿੱਤੇ ਜਾਂਦੇ ਹਨ।
ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਦੇ ਕਾਰਨ ਮੋਗਾ ਦੇ ਕਰਮਜੀਤ ਸਿੰਘ ਦੀ ਹੋਈ ਮੌਤ ’ਤੇ ਮੁੱਖ ਮੰਤਰੀ ਨੇ ਪਿਛਲੀ ਰਾਤ ਇਕ ਟਵੀਟ ਕਰਕੇ ਡੂੰਘਾ ਦੁੱਖ ਅਤੇ ਗੁੱਸਾ ਪ੍ਰਗਟ ਕੀਤਾ। ਉਨਾਂ ਲਿਖਿਆ ਹੈ ਕਿ , ‘‘ਪਾਕਿਸਤਾਨ ਵਾਰ-ਵਾਰ ਜੰਗਬੰਦੀ ਨੂੰ ਉਲੰਘ ਕੇ ਸਾਰੇ ਅੰਤਰਰਾਸ਼ਟਰੀ ਸਿਧਾਂਤਾ ਅਤੇ ਮਾਨਵੀ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ। ਪਾਕਿਸਤਾਨ ਦੀ ਗੋਲੀਬਾਰੀ ਕਾਰਨ ਪੰਜਾਬ ਨੇ ਮੋਗਾ ਦੇ ਇੱਕ ਹੋਰ ਨੌਜਵਾਨ ਫੌਜੀ ਨੂੰ ਖੋਹ ਦਿੱਤਾ ਹੈ। ਮੇਰੀ ਸੰਵੇਦਨਾ ਕਰਮਜੀਤ ਸਿੰਘ ਦੇ ਪਰਿਵਾਰ ਨਾਲ ਹੈ।’’