ਨਵੇਂ ਚੁਣੇ ਸਰਪੰਚ ਬਿਜਲੀ ਬਿੱਲਾਂ ਨੂੰ ਬੋਝ ਮੰਨਣ ਲੱਗੇ
ਪਾਵਰ ਕਾਰਪੋਰੇਸ਼ਨ ਨੇ ਬਿੱਲਾਂ ਨੂੰ ਭਰਵਾਉਣ ਲਈ ਵਨ ਟਾਇਮ ਸੈਟਲਮੈਂਟ ਸਕੀਮ ਕੱਢੀ
ਮਾਨਸਾ, 19 ਮਾਰਚ (ਵਿਸ਼ਵ ਵਾਰਤਾ)- ਮਾਲਵਾ ਖੇਤਰ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਵਿਰਾਸਤ ਵਿਚ ਵਾਟਰ ਵਰਕਸਾਂ ਦਾ ਲੱਖਾਂ ਰੁਪਏ ਦੇ ਖੜ੍ਹੇ ਬਿੱਲ ਹਾਸਲ ਹੋਏ ਹਨ, ਜਿੰਨ੍ਹਾਂ ਨੇ ਨਵੇਂ ਚੁਣੇ ਪੰਚਾਂ—ਸਰਪੰਚਾਂ ਲਈ ਨਵੀਂ ਬਿਪਤਾ ਖੜ੍ਹੀ ਕਰ ਦਿੱਤੀ ਹੈ। ਇਹ ਵਾਟਰ ਵਰਕਸ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਵੱਡੀ ਰਾਸ਼ੀ ਵਿਚ ਡਿਫਾਲਟਰ ਹਨ ਅਤੇ ਇਹ ਪੈਸਾ ਪੰਚਾਇਤਾਂ ਵੱਲੋਂ ਪਿੰਡਾਂ ਦੇ ਲੋਕਾਂ ਤੋਂ ਇਕੱਠਾ ਕਰਕੇ ਭਰਨਾ ਹੁੰਦਾ ਹੈ। ਇਨ੍ਹਾਂ ਵਾਟਰ ਵਰਕਸਾਂ ਵਿਚ ਪਿੰਡ ਫਫੜੇ ਭਾਈਕੇ 42 ਲੱਖ, ਧਲੇਵਾਂ 50 ਲੱਖ, ਹੀਰੋ ਕਲਾਂ 20, ਹੋਡਲਾ ਕਲਾਂ ਵੱਲ 7 ਲੱਖ ਬਿਜਲੀ ਦੇ ਬਿੱਲ ਬਕਾਇਆ ਖੜ੍ਹੇ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਕੋਲ ਸਰਕਾਰ ਨੂੰ ਦੇਣ ਵਾਸਤੇ ਇਕ ਧੇਲਾ ਵੀ ਨਹੀਂ ਹੈ।
ਇਹ ਵੀ ਪਤਾ ਲੱਗਿਆ ਹੈ ਕਿ ਪਿੰਡ ਰਾਏਪੁਰ ਦੇ ਵਾਟਰ ਵਰਕਸ ਵੱਲ 40 ਲੱਖ, ਟਾਂਡੀਆ ਵੱਲ 6, ਜਵਾਹਰਕੇ ਵੱਲ 7 ਲੱਖ, ਝੁਨੀਰ ਵੱਲ 28 ਲੱਖ, ਭੰਮੇ ਕਲਾਂ 14 ਲੱਖ, ਬਹਿਣੀਵਾਲ 12 ਲੱਖ, ਘੁਰਕਣੀ 8 ਲੱਖ, ਦਲੇਲ ਸਿੰਘ ਵਾਲਾ 14 ਲੱਖ, ਉਭਾ 7 ਲੱਖ, ਤਾਮਕੋਟ 6 ਲੱਖ, ਮੂਸਾ 10 ਲੱਖ, ਅਚਾਣਕ 40 ਲੱਖ, ਕੁਲਰੀਆ ਦੇ ਵਾਟਰ ਵਰਕਸ ਵੱਲ 55 ਲੱਖ ਰੁਪਏ ਖੜ੍ਹੇ ਹਨ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਉਚ ਅਧਿਕਾਰੀ ਏਨੀ ਵੱਡੀ ਰਾਸ਼ੀ ਭਰਵਾਉਣ ਲਈ ਪਿਛਲੀਆਂ ਪੰਚਾਇਤਾਂ ਦੇ ਤਰਲੇ—ਮਿੰਨਤਾਂ ਤਾਂ ਕਰਦੇ ਰਹੇ ਹਨ, ਪਰ ਮਗਰਲੀਆਂ ਬਹੁਤੀਆਂ ਪੰਚਾਇਤਾਂ ਨੇ ਸਮਾਂ ਲੰਘਦਾ ਵੇਖਕੇ ਇਸ ਪਾਸੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਹੈ।
ਦੱਸਣਯੋਗ ਹੈ ਕਿ ਸਰਕਾਰ ਨੇ ਇਕ ਪਾਲਿਸੀ ਤਹਿਤ ਵਾਟਰ ਵਰਕਸਾਂ ਦਾ ਚਾਰਜ ਕੁਝ ਸਮਾਂ ਪਹਿਲਾਂ ਪੰਚਾਇਤਾਂ ਦੇ ਹਵਾਲੇ ਕਰ ਦਿੱਤਾ ਸੀ, ਜਦੋਂ ਕਿ ਕੁਝ ਕੁ ਵਾਟਰ ਵਰਕਸ ਪੇਂਡੂ ਜਲ ਸਪਲਾਈ ਵਿਭਾਗ ਵੱਲੋਂ ਆਪਣੇ ਕੋਲ ਰੱਖ ਲਏ ਸਨ। ਇਹ ਵੀ ਪਤਾ ਲੱਗਿਆ ਹੈ ਕਿ ਸਰਕਾਰੀ ਵਿਭਾਗ ਵੱਲੋਂ ਚਲਾਏ ਜਾਂਦੇ ਵਾਟਰ ਵਰਕਸ ਵੀ ਪਾਵਰ ਕਾਰਪੋਰੇਸ਼ਨ ਦੇ ਡਿਫਾਲਟਰ ਹੋਏ ਪਏ ਹਨ।
ਇਕ ਜਾਣਕਾਰੀ ਅਨੁਸਾਰ ਹੁਣ ਜਿਹੜੇ ਵਾਟਰ ਵਰਕਸ ਪੰਚਾਇਤਾਂ ਨੂੰ ਚਲਾਉਣ ਲਈ ਦਿੱਤੇ ਗਏ ਸਨ, ਉਨ੍ਹਾਂ ਪਿੰਡਾਂ ਵਿਚ ਖਪਤਕਾਰਾਂ ਵੱਲੋਂ ਪਾਣੀ ਦੇ ਬਿੱਲਾਂ ਦਾ ਭੁਗਤਾਨ ਸਮੇਂ ਸਿਰ ਨਾ ਕਰਨ ਕਰਕੇ ਵਾਟਰ ਵਰਕਸ ਘਾਟੇ ਵਿਚ ਚਲੇ ਗਏ ਹਨ, ਕਿਉਂਕਿ ਪਿੰਡਾਂ ਦੀਆਂ ਪੰਚਾਇਤਾਂ ਆਪਣੀਆਂ ਵੋਟਾਂ ਦੀ ਮਜਬੂਰੀ ਨੂੰ ਲੈਕੇ ਕਿਸੇ ਵੀ ਖਪਤਕਾਰ ਕੋਲੋਂ ਜਬਰੀ ਬਿੱਲ ਵਸੂਲਣ ਦਾ ਰਿਸਕ ਨਹੀਂ ਲੈਣਾ ਚਾਹੁੰਦੀਆਂ, ਦੂਜੇ ਪਾਸੇ ਬਿਜਲੀ ਦੇ ਬਿੱਲ ਭਰਨ ਵਿਚ ਹੋਈ ਦੇਰੀ ਕਾਰਨ ਬਿਜਲੀ ਬੋਰਡ ਵੱਲੋਂ ਵਾਟਰ ਵਰਕਸਾਂ ਵੱਲ ਬਿੱਲਾਂ ਦੇ ਨਾਲ—ਨਾਲ ਜੁਰਮਾਨੇ ਦੀ ਰਾਸ਼ੀ ਵਿਚ ਭਾਰੀ ਵਾਧਾ ਹੋਣ ਕਾਰਨ ਹੁਣ ਨਵੀਆਂ ਚੁਣੀਆਂ ਪੰਚਾਇਤਾਂ ਨੇ ਇਹ ਬਿਜਲੀ ਦੇ ਬਕਾਇਆ ਬਿੱਲ ਭਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ।
ਪਿੰਡ ਫਫੜੇ ਭਾਈਕੇ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਵਾਟਰ ਵਰਕਸ ਦਾ ਬਿਜਲੀ ਸਪਲਾਈ ਦਾ ਬਕਾਇਆ ਬਿੱਲ ਕਰੀਬ 42 ਲੱਖ ਰੁਪਇਆ ਖੜ੍ਹਾ ਹੈ, ਜਦੋਂ ਕਿ ਉਨ੍ਹਾਂ ਦੀ ਪੰਚਾਇਤ ਬਣੀ ਨੂੰ ਸਿਰਫ 3 ਮਹੀਨੇ ਹੋਏ ਹਨ, ਉਹ ਏਨੀ ਵੱਡੀ ਰਾਸ਼ੀ ਬਿਜਲੀ ਬੋਰਡ ਨੂੰ ਜਮ੍ਹਾਂ ਕਰਵਾਉਣ ਤੋਂ ਅਸਮਰਥ ਹਨ।
ਇਸੇ ਦੌਰਾਨ ਪਾਵਰ ਕਾਰਪੋਰੇਸ਼ਨ ਦੇ ਬੁਢਲਾਡਾ ਸਥਿਤ ਐਕਸੀਅਨ ਉਤਮ ਬਾਂਸਲ ਨੇ ਕਿਹਾ ਕਿ ਕਾਰਪੋਰੇਸ਼ਨ ਵੱਲੋਂ ਇਨ੍ਹਾਂ ਬਿਜਲੀ ਦੇ ਬਿੱਲਾਂ ਨੂੰ ਭਰਵਾਉਣ ਲਈ ਵਨ ਟਾਇਮ ਸੈਟਲਮੈਂਟ ਸਕੀਮ ਕੱਢੀ ਗਈ ਹੈ, ਜਿਸ ਵਿਚ ਵਿਆਜ ਅਤੇ ਸਰਚਾਰਜ ਨੂੰ ਮੁਆਫ ਕੀਤਾ ਗਿਆ ਹੈ, ਜਿਸ ਨਾਲ ਰਾਸ਼ੀ ਬਹੁਤ ਘੱਟ ਹੋ ਜਾਵੇਗੀ।
ਫੋਟੋ ਨੰਬਰ: 01
ਫੋਟੋ ਕੈਪਸ਼ਨ: ਫਫੜੇ ਭਾਈਕੇ ਪਿੰਡ ਦਾ ਸਰਪੰਚ ਇਕਬਾਲ ਸਿੰਘ ਸਿੱਧੂ, ਵਾਟਰ ਵਰਕਸ ਦੇ 42 ਲੱਖ ਰੁਪਏ ਵਾਲੇ ਬਿੱਲ ਨੂੰ ਵਿਖਾਉਂਦਾ ਹੋਇਆ।