Punjab: ਮਾਘੀ ਮੇਲਾ ਮੁਕਤਸਰ ਸਾਹਿਬ ਦਾ: ਠੰਢ ਦੇ ਮਾਹੌਲ ਨੂੰ ਗਰਮ ਕਰਨਗੀਆਂ ਸਿਆਸੀ ਕਾਨਫਰੰਸਾਂ
ਮੁਕਤਸਰ ਸਾਹਿਬ, 14 ਜਨਵਰੀ 2026 (ਵਿਸ਼ਵ ਵਾਰਤਾ) – ਅੱਜ (14 ਜਨਵਰੀ ਨੂੰ), ਮਕਰ ਸੰਕ੍ਰਾਂਤੀ ‘ਤੇ ਪੰਜਾਬ (Punjab) ਦੇ ਮੁਕਤਸਰ ਵਿੱਚ ਮਾਘੀ ਮੇਲਾ ਮਨਾਇਆ ਜਾ ਰਿਹਾ ਹੈ। ਮੁਕਤਸਰ ਵਿੱਚ ਮਾਘੀ ਮੇਲਾ 40 ਮੁਕਤਿਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜੋ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਨੂੰ ਬੇਦਾਵਾ ਲਿਖ ਕੇ ਕਿਲ੍ਹਾ ਛੱਡ ਗਏ ਸਨ, ਪਰ ਬਾਅਦ ‘ਚ ਉਹ ਮਾਈ ਭਾਗੋ ਤੋਂ ਪ੍ਰੇਰਿਤ ਹੋ ਕੇ, ਉਨ੍ਹਾਂ ਨੇ ਬਾਅਦ ਵਿੱਚ ਇੰਨੀ ਬਹਾਦਰੀ ਨਾਲ ਲੜਾਈ ਕੀਤੀ ਅਤੇ ਉਨ੍ਹਾਂ ਨੇ ਆਪਣੀਆਂ ਜਾਨਾਂ ਵੀ ਕੁਰਬਾਨ ਕਰ ਦਿੱਤੀਆਂ ਸਨ।
ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਜੰਗ ਦੇ ਮੈਦਾਨ ਵਿੱਚੋਂ ਸਾਰੇ ਸ਼ਹੀਦ ਹੋਏ 40 ਸਿੱਖਾਂ ਦੀਆਂ ਲਾਸ਼ਾਂ ਦਾ ਖੁਦ ਸਸਕਾਰ ਕੀਤਾ। ਗੁਰਦੁਆਰਾ ਸ਼ਹੀਦਗੰਜ ਹੁਣ ਇਸੇ ਸਥਾਨ ‘ਤੇ ਸਥਿਤ ਹੈ। ਜਿੱਥੇ ਬੇਦਾਵਾ ਪਾੜਿਆ ਗਿਆ ਸੀ, ਉੱਥੇ ਗੁਰਦੁਆਰਾ ਟੁੱਟੀ ਗੰਡੀ ਸਾਹਿਬ ਸਥਿਤ ਹੈ।

ਉੱਥੇ ਹੀ ਦੂਜੇ ਪਾਸੇ ਜੇ ਰਾਜਨੀਤੀ ਦੀ ਗੱਲ ਕਰੀਏ ਤਾਂ ਮਾਘੀ ਮੇਲੇ ਦੀਆਂ ਸਿਆਸੀ ਕਾਨਫਰੰਸਾਂ ਵੀ ਮਹੱਤਵ ਰੱਖਦੀਆਂ ਹਨ। ਇਸ ਵਾਰ ਮਾਘੀ ਮੇਲੇ ‘ਤੇ ਲਗਭਗ ਪੰਜਾਬ ਦੀਆਂ ਸਾਰੀਆਂ ਵੱਡੀਆਂ ਪਾਰਟੀਆਂ ਸਿਆਸੀ ਕਾਨਫਰੰਸਾਂ ਕਰਨਗੀਆਂ। ਮਾਘੀ ਮੇਲੇ ਦੌਰਾਨ ਹੋਣ ਵਾਲੀਆਂ ਇਨ੍ਹਾਂ ਸਾਲਾਨਾ ਰਾਜਨੀਤਿਕ ਰੈਲੀਆਂ ਨੂੰ ਲੰਬੇ ਸਮੇਂ ਤੋਂ ਨਾ ਸਿਰਫ਼ ਮਾਲਵਾ ਸਗੋਂ ਪੰਜਾਬ ਦੀ ਰਾਜਨੀਤੀ ਲਈ ਵੀ ਮਹੱਤਵਪੂਰਨ ਮੰਨਿਆ ਜਾਂਦਾ ਰਿਹਾ ਹੈ।
ਦੱਸ ਦਈਏ ਕਿ ਪੰਜਾਬ ‘ਚ ਅਗਲੇ ਸਾਲ 2027 ‘ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਜਿਸ ਕਾਰਨ ਪੰਜਾਬ ਦੀਆਂ ਸਾਰੀਆਂ ਇੱਥੇ ਅੱਡੀ ਚੋਟੀ ਦਾ ਜ਼ੋਰ ਲਾਉਣਗੀਆਂ। ਆਮ ਆਦਮੀ ਪਾਰਟੀ ਲਈ ਇਹ ਕਾਨਫਰੰਸ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਪਾਰਟੀ ਇਸ ਵੇਲੇ ਪੰਜਾਬ ਦੀ ਸੱਤਾ ‘ਚ ਹੈ ਅਤੇ ਹਿਪਣੀ ਕਾਨਫਰੰਸ ‘ਚ ਵੱਧ ਤੋਂ ਵੱਧ ਲੋਕਾਂ ਦਾ ਇਕੱਠ ਦਿਖਾਉਣ ਦੀ ਕੋਸ਼ਿਸ਼ ਕਰੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਕਾਨਫਰੰਸ ‘ਚ ਸ਼ਿਰਕਤ ਕਰ ਸਕਦੇ ਹਨ।

ਉੱਥੇ ਹੀ ਪੰਜਾਬ ਦੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੀ ਸਿਆਸੀ ਕਾਨਫਰੰਸ ਕਰੇਗੀ। ਇਹ ਪਾਰਟੀ ਮੁੜ ਤੋਂ ਪੰਜਾਬ ‘ਚ ਆਪਣਾ ਵਜੂਦ ਭਾਲ ਰਹੀ ਹੈ। ਪੰਜਾਬ ‘ਚ ਬੇਅਦਵੀਆਂ ਦੇ ਦੌਰ ਤੋਂ ਬਾਅਦ ਅਤੇ ਬੀਜੇਪੀ ਦਾ ਸਾਥ ਛੱਡਣ ਤੋਂ ਬਾਅਦ ਬਹੁਤ ਕਮਜ਼ੋਰ ਹੋ ਗਈ ਹੈ। ਹਾਲਾਂਕਿ ਤਰਨਤਾਰਨ ਜ਼ਿਮਨੀ ਚੋਣ ਨੇ ਪਾਰਟੀ ਨੂੰ ਥੋੜ੍ਹੇ ਸਾਹ ਦਿੱਤੇ ਹਨ। ਇਸ ਕਾਨਫਰੰਸ ਰਾਹੀਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੁੜ ਤੋਂ ਸੱਤਾ ‘ਚ ਆਉਣ ਲਈ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰਨਗੇ।
ਉੱਥੇ ਹੀ ਪੰਜਾਬ (Punjab) ਦੀ ਤੀਜੀ ਪਾਰਟੀ ਕਾਂਗਰਸ ਇਸ ਵਾਰ ਮਾਘੀ ਮੇਲੇ ‘ਤੇ ਸਿਆਸੀ ਕਾਨਫਰੰਸ ਨਹੀਂ ਕਰੇਗੀ। ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਇਸ ਵੱਡੇ ਸਮਾਗਮ ਤੋਂ ਕਾਂਗਰਸ ਦੀ ਗੈਰਹਾਜ਼ਰੀ ਨੇ ਰਾਜਨੀਤਿਕ ਉਥਲ-ਪੁਥਲ ਪੈਦਾ ਕਰ ਦਿੱਤੀ ਹੈ। ਪਰ ਪਾਰਟੀ ਦਾ ਕਹਿਣਾ ਹੈ ਕਿ ਅਕਾਲ ਤਖ਼ਤ ਦੇ 2017 ਦੇ ਹੁਕਮ ਦੀ ਪਾਲਣਾ ਕਰੇਗੀ, ਜਿਸ ਵਿੱਚ ਪਾਰਟੀਆਂ ਨੂੰ ਧਾਰਮਿਕ ਮੌਕਿਆਂ ਦੌਰਾਨ ਰਾਜਨੀਤਿਕ ਸਮਾਗਮ ਨਾ ਕਰਨ ਦੀ ਸਲਾਹ ਦਿੱਤੀ ਗਈ ਸੀ। ਪਰ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਪਾਰਟੀ ਵੱਲੋਂ ਜੀ-ਰਾਮ-ਜੀ, ‘ਮਨਰੇਗਾ ਬਚਾਓ ਸੰਘਰਸ਼’ ਵਿਰੁੱਧ ਚੱਲ ਰਹੀਆਂ ਰੈਲੀਆਂ ਕਾਰਨ, ਇਸ ਵਾਰ ਮਾਘੀ ‘ਤੇ ਰਾਜਨੀਤਿਕ ਕਾਨਫਰੰਸ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਉੱਥੇ ਹੀ ਪੰਜਾਬ (Punjab) ਦੀ ਚੌਥੀ ਪਾਰਟੀ ਬੀਜੇਪੀ ਵੀ ਇੱਥੇ ਰੈਲੀ ਕਰੇਗੀ। ਇਹ ਸ੍ਰੀ ਮੁਕਤਸਰ ਸਾਹਿਬ ਦੇ ਮਾਘੀ ਮੇਲੇ ‘ਚ ਬੀਜੇਪੀ ਦੀ ਪਹਿਲੀ ਸਿਆਸੀ ਕਾਨਫਰੰਸ ਹੋਵੇਗੀ। 2027 ਦੀਆਂ ਚੋਣਾਂ ਨੂੰ ਲੈ ਕੇ ਬੀਜੇਪੀ ਪੰਜਾਬ ‘ਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਿਆਸੀ ਕਾਨਫਰੰਸ ‘ਚ ਹਰਿਆਣਾ ਦੇ CM ਨਾਇਬ ਸਿੰਘ ਸੈਣੀ ਵੀ ਸ਼ਾਮਿਲ ਹੋ ਸਕਦੇ ਹਨ। ਦੱਸ ਦਈਏ ਕਿ ਇਸ ਵੇਲੇ ਪੰਜਾਬ ‘ਚ ਬੀਜੇਪੀ ਦਾ ਅਧਾਰ ਨਾ ਮਾਤਰ ਹੈ, ਪਰ ਇਹ ਪਾਰਟੀ ਸੱਤਾ ਦੀ ਦੌੜ ‘ਚ ਆਉਣ ਲਈ ਪੂਰਾ ਜ਼ੋਰ ਲਾ ਰਹੀ ਹੈ।
ਹਰ ਸਾਲ ਮਾਘੀ ਮੇਲੇ ਮੌਕੇ ਹੋਣ ਵਾਲੀ ਇਹ ਸਿਆਸੀ ਰੈਲੀ ਨਾ ਸਿਰਫ਼ ਮਾਲਵੇ ਦੀ ਰਾਜਨੀਤੀ ਲਈ ਸਗੋਂ ਪੂਰੇ ਪੰਜਾਬ (Punjab) ਲਈ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ 69 ਇਕੱਲੇ ਮਾਲਵਾ ਖੇਤਰ ਤੋਂ ਆਉਂਦੀਆਂ ਹਨ। ਇਸ ਲਈ, ਸਰਕਾਰ ਬਣਾਉਣ ਦਾ ਰਸਤਾ ਇਸ ਖੇਤਰ ‘ਤੇ ਨਿਰਭਰ ਕਰਦਾ ਹੈ, ਕਿਉਂਕਿ ਮਾਝੇ ਅਤੇ ਦੁਆਬੇ ਕੋਲ ਵੀ ਮਾਲਵੇ ਜਿੰਨੀਆਂ ਸੀਟਾਂ ਨਹੀਂ ਹਨ।
ਜਿਸ ਕਾਰਨ ਮਾਘੀ ਮੇਲੇ ਦੇ ਕਾਨਫਰੰਸ ‘ਚ ਪੰਜਾਬ (Punjab) ਦੀ ਰਾਜਨੀਤੀ ਲਈ ਨਵੇਂ ਸੰਕੇਤ ਮਿਲਦੇ ਹਨ। 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਰੈਲੀ ਦੀ ਰਾਜਨੀਤਿਕ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























