Punjab: ‘ਸਾਡਾ ਨੀ ਕਸੂਰ-ਸਾਡਾ ਜ਼ਿਲ੍ਹਾ ਸੰਗਰੂਰ’, ਹੁਣ ਬਣਿਆ ਪੰਜਾਬ ਦਾ ਗਰੂਰ
– ਆਪ ਸੁਪਰੀਮੋ ਕੇਜਰੀਵਾਲ ਸੰਗਰੂਰ ਅਤੇ ਲੁਧਿਆਣਾ ‘ਤੇ ਮਿਹਰਬਾਨ
ਚੰਡੀਗੜ੍ਹ, 10 ਜਨਵਰੀ 2026 (ਵਿਸ਼ਵ ਵਾਰਤਾ ਡੈਸਕ) – ਪੰਜਾਬ (Punjab) ‘ਚ ਆਮ ਆਦਮੀ ਪਾਰਟੀ ਦੀ ਸਰਕਾਰ 2022 ‘ਚ ਸੱਤਾ ‘ਚ ਆਈ ਸੀ। ਮੁੱਖ ਮੰਤਰੀ ਵੱਜੋਂ ਭਗਵੰਤ ਸਿੰਘ ਮਾਨ ਪਾਰਟੀ ਦੀ ਅਗਵਾਈ ਕਰ ਰਹੇ ਹਨ। ਭਗਵੰਤ ਸਿੰਘ ਮਾਨ ਦੀ ਵਜ਼ਾਰਤ ‘ਚ ਇਸ ਵੇਲੇ ਉਨ੍ਹਾਂ ਸਣੇ 16 ਮੰਤਰੀ ਹਨ। 2022 ‘ਚ ਸੱਤਾ ‘ਚ ਆਈ ਸਰਕਾਰ ਕੋਲ ਹੁਣ ਸਿਰਫ ਇੱਕ ਸਾਲ ਦਾ ਸਮਾਂ ਬਚਿਆ ਹੈ ਅਤੇ ਹੁਣ 2027 ‘ਚ ਪੰਜਾਬ ਵਿਧਾਨ ਸਭਾ ਲਈ ਵੋਟਾਂ ਪੈਣਗੀਆਂ।

ਜਿੱਥੇ ਪਹਿਲਾਂ ਲੋਕ ਸੰਗਰੂਰ ਜ਼ਿਲ੍ਹੇ ਲਈ ਮਜਾਕ ਦੇ ਪਾਤਰ ਵੱਜੋਂ ਇੱਕ ਤੁਕ ਬੋਲਦੇ ਸਨ ਕਿ, ‘ਸਾਡਾ ਨੀ ਕਸੂਰ-ਸਾਡਾ ਜ਼ਿਲ੍ਹਾ ਸੰਗਰੂਰ’, ਪਰ ਹੁਣ ਸੰਗਰੂਰ ਜ਼ਿਲ੍ਹਾ ‘ਪੰਜਾਬ ਦਾ ਗਰੂਰ’ ਬਣ ਗਿਆ ਹੈ। ਕਿਉਂਕਿ ਇਸ ਸਮੇਂ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਇਸੇ ਜ਼ਿਲ੍ਹੇ ਤੋਂ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਸਣੇ 4 ਮੰਤਰੀ ਵੀ ਪੰਜਾਬ ਵਜ਼ਾਰਤ ”ਚ ਇਸੇ ਜ਼ਿਲ੍ਹੇ ਤੋਂ ਹਨ। ਜਿਸ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸੰਗਰੂਰ ਅਤੇ ਲੁਧਿਆਣਾ ‘ਤੇ ਮਿਹਰਬਾਨ ਹਨ।
ਜੇਕਰ ਆਪ ਪਾਰਟੀ ਦੀ ਵਜ਼ਾਰਤ ਦੀ ਗੱਲ ਕਰੀਏ ਤਾਂ ਇਹ ਗੱਲ ਕਾਬਿਲੇਗੌਰ ਹੈ ਕਿ ਸਿਰਫ 2 ਜ਼ਿਲ੍ਹਿਆਂ ਦੇ ਮੰਤਰੀ ਅੱਧੀ ਵਜ਼ਾਰਤ ਦੇ ਬਰਾਬਰ ਹਨ, ਮਤਲਬ ਕਿ ਸਿਰਫ 2 ਜ਼ਿਲ੍ਹਿਆਂ ਤੋਂ ਹੀ ਮੰਤਰੀ ਮੰਡਲ ‘ਚ 7 ਮੰਤਰੀ ਸ਼ਾਮਿਲ ਹਨ, ਜਦ ਕਿ ਬਾਕੀ ਬਚੇ 9 ਮੰਤਰੀ ਪੂਰੇ ਪੰਜਾਬ ਤੋਂ ਹਨ। ਪੰਜਾਬ ਦੇ ਇਸ ਮੰਤਰੀ ਮੰਡਲ ‘ਚ ਸੰਗਰੂਰ ਜ਼ਿਲ੍ਹੇ ਤੋਂ ਖੁਦ ਭਗਵੰਤ ਮਾਨ, ਹਰਪਾਲ ਚੀਮਾ, ਅਮਨ ਅਰੋੜਾ ਅਤੇ ਬਰਿੰਦਰ ਕੁਮਾਰ ਗੋਇਲ ਹਨ। ਜਦੋਂ ਕਿ ਲੁਧਿਆਣਾ ਜ਼ਿਲ੍ਹੇ ਤੋਂ ਸੰਜੀਵ ਅਰੋੜਾ, ਹਰਦੀਪ ਸਿੰਘ ਮੁੰਡੀਆਂ ਅਤੇ ਤਰਨਪ੍ਰੀਤ ਸਿੰਘ ਸੌਂਦ ਹਨ। ਜਾਣੀ ਕਿ ਕੁੱਲ ਦੋ ਜ਼ਿਲ੍ਹਿਆਂ ਤੋਂ 7 ਮੰਤਰੀ ਹੀ ਹਨ।
ਜੇ ਪੂਰੇ ਪੰਜਾਬ (Punjab) ਦੀ ਗੱਲ ਕਰੀਏ ਤਾਂ ਇਸ ਕੈਬਨਿਟ ‘ਚ ਮੁਕਤਸਰ ਜ਼ਿਲ੍ਹੇ ਤੋਂ ਡਾ. ਬਲਜੀਤ ਕੌਰ ਅਤੇ ਗੁਰਮੀਤ ਸਿੰਘ ਖੁੱਡੀਆਂ, ਪਟਿਆਲਾ ਜ਼ਿਲ੍ਹੇ ਤੋਂ ਡਾ. ਬਲਬੀਰ ਸਿੰਘ, ਪਠਾਨਕੋਟ ਜ਼ਿਲ੍ਹੇ ਤੋਂ ਲਾਲ ਚੰਦ ਕਟਾਰੂਚੱਕ, ਤਰਨਤਾਰਨ ਜ਼ਿਲ੍ਹੇ ਤੋਂ ਲਾਲਜੀਤ ਸਿੰਘ ਭੁੱਲਰ, ਰੂਪਨਗਰ ਜ਼ਿਲ੍ਹੇ ਤੋਂ ਹਰਜੋਤ ਸਿੰਘ ਬੈਂਸ, ਅੰਮ੍ਰਿਤਸਰ ਜ਼ਿਲ੍ਹੇ ਤੋਂ ਹਰਭਜਨ ਸਿੰਘ ਈਟੀਓ, ਜਲੰਧਰ ਜ਼ਿਲ੍ਹੇ ਤੋਂ ਮੋਹਿੰਦਰ ਭਗਤ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਡਾ. ਰਵਜੋਤ ਸਿੰਘ ਹਨ।
ਜਾਣੀ ਕਿ ਕੁੱਲ 10 ਜ਼ਿਲ੍ਹਿਆਂ ਤੋਂ ਹੀ ਪੰਜਾਬ (Punjab) ਕੈਬਨਿਟ ‘ਚ ਸਾਰੇ ਮੰਤਰੀ ਸ਼ਾਮਿਲ ਹਨ ਅਤੇ ਪੰਜਾਬ ਦੇ ਬਾਕੀ ਅਜੇ 13 ਜ਼ਿਲ੍ਹੇ ਅਜਿਹੇ ਹਨ ਜਿਨ੍ਹਾਂ ‘ਚੋਂ ਵਜ਼ਾਰਤ ‘ਚ ਕੋਈ ਵੀ ਮੰਤਰੀ ਸ਼ਾਮਿਲ ਨਹੀਂ ਹੈ। ਜਿਨ੍ਹਾਂ ‘ਚ ਫ਼ਿਰੋਜ਼ਪੁਰ, ਗੁਰਦਾਸਪੁਰ, ਬਠਿੰਡਾ, ਕਪੂਰਥਲਾ, ਫਰੀਦਕੋਟ, ਫ਼ਤਹਿਗੜ੍ਹ ਸਾਹਿਬ, ਮਾਨਸਾ, ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ), ਮੋਗਾ, ਐਸ. ਏ. ਐਸ. ਨਗਰ (ਮੋਹਾਲੀ), ਬਰਨਾਲਾ, ਫਾਜ਼ਿਲਕਾ ਅਤੇ ਮਾਲੇਰਕੋਟਲਾ ਸ਼ਾਮਿਲ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























