Jalandhar ਨਾਬਾਲਗ ਬੱਚੀ ਦੇ ਕਤਲ ਮਾਮਲੇ ‘ਚ ਵੱਡੀ ਅਪਡੇਟ
– ਸਖ਼ਤ ਸੁਰੱਖਿਆ ਹੇਠ ਮੁਲਜ਼ਮ ਨੂੰ ਅਦਾਲਤ ‘ਚ ਕੀਤਾ ਪੇਸ਼
– ਮੁਲਜ਼ਮ ਦੇ ਪੁਲਿਸ ਰਿਮਾਂਡ ਵਿੱਚ ਦੋ ਦਿਨ ਦਾ ਵਾਧਾ
ਜਲੰਧਰ, 3 ਦਸੰਬਰ 2025 (ਵਿਸ਼ਵ ਵਾਰਤਾ): ਜਲੰਧਰ (Jalandhar) ‘ਚ 13 ਸਾਲਾ ਲੜਕੀ ਦੇ ਕਤਲ ਮਾਮਲੇ ਦੇ ਮੁਲਜ਼ਮ ਹਰਮਿੰਦਰ ਸਿੰਘ ਉਰਫ਼ ਰਿੰਪੀ ਨੂੰ 9 ਦਿਨਾਂ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਸਖ਼ਤ ਸੁਰੱਖਿਆ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸਬੂਤਾਂ ਦੇ ਆਧਾਰ ‘ਤੇ ਅਦਾਲਤ ਨੇ ਮੁਲਜ਼ਮ ਦੇ ਪੁਲਿਸ ਰਿਮਾਂਡ ਵਿੱਚ ਦੋ ਦਿਨ ਦਾ ਵਾਧਾ ਕੀਤਾ ਹੈ।
ਇਸ ਤੋਂ ਪਹਿਲਾਂ ਮਿਲੇ ਰਿਮਾਂਡ ਦੌਰਾਨ ਜਾਂਚ ਟੀਮ ਨੇ ਮੁਲਜ਼ਮ ਤੋਂ ਵਿਆਪਕ ਪੁੱਛਗਿੱਛ ਕੀਤੀ ਅਤੇ ਉਸਨੂੰ ਘਟਨਾ ਵਾਲੀ ਥਾਂ ‘ਤੇ ਵੀ ਲੈ ਕੇ ਗਈ। ਉੱਥੇ ਉਸਨੇ ਨੇ ਲੜਕੀ ਦੇ ਕਤਲ ਤੋਂ ਲੈ ਕੇ ਬਾਥਰੂਮ ਵਿੱਚ ਲਾਸ਼ ਨੂੰ ਲੁਕਾਉਣ ਤੱਕ ਦੀ ਸਾਰੀ ਘਟਨਾ ਦੱਸੀ। ਜਾਂਚ ਦੌਰਾਨ, ਪੁਲਿਸ ਨੂੰ ਕਈ ਮਹੱਤਵਪੂਰਨ ਸਬੂਤ ਵੀ ਮਿਲੇ, ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਨ੍ਹਾਂ ਸਬੂਤਾਂ ਦੇ ਆਧਾਰ ‘ਤੇ, ਅਦਾਲਤ ਨੇ ਮੁਲਜ਼ਮ ਦੇ ਪੁਲਿਸ ਰਿਮਾਂਡ ਨੂੰ ਦੋ ਦਿਨਾਂ ਲਈ ਵਧਾ ਦਿੱਤਾ।
ਦੱਸ ਦਈਏ ਕਿ ਇਸ ਮਾਮਲੇ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਵਿੱਚ ਏਐਸਆਈ ਮੰਗਤ ਰਾਮ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾ ਚੁੱਕਾ ਹੈ, ਇਸ ਦੇ ਨਾਲ ਹੀ ਪੀਸੀਆਰ ਦੇ ਦੋਵੇਂ ਏਐਸਆਈ ਨੂੰ ਵੀ ਮੁਅੱਤਲ ਕੀਤਾ ਜਾ ਚੁੱਕਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























