ਗਡਕਰੀ ਦੇ ਬਿਆਨ ਦੀ ਨਿੰਦਿਆ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਦੀ ਚੁੱਪੀ ਉੱਪਰ ਸਵਾਲ ਖੜਾ ਕੀਤਾ
ਚੰਡੀਗੜ, 23 ਫਰਵਰੀ – ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਅੱਜ ਯੂਨੀਅਨ ਵਾਟਰ ਰਿਸੋਰਸ ਮੰਤਰੀ ਨਿਤੀਨ ਗਡਕਰੀ ਦੇ ਬਿਆਨ ਦੀ ਜੰਮ ਕੇ ਨਿਖੇਧੀ ਕੀਤੀ ਜਿਸ ਵਿੱਚ ਕਿ ਉਹਨਾਂ ਨੇ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਰੋਕਣ ਲਈ ਪੰਜਾਬ ਦੇ ਰਾਵੀ, ਬਿਆਸ ਅਤੇ ਸਤਲੁਜ ਦਰਿਆਵਾਂ ਦੇ ਪਾਣੀ ਨੂੰ ਯਮੁਨਾ ਨਦੀ ਵਿੱਚ ਮੋੜਣ ਬਾਰੇ ਆਖਿਆ ਸੀ।
ਅੱਜ ਇਥੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਗਡਕਰੀ ਦਾ ਬਿਆਨ ਬਹੁਤ ਹੀ ਖਤਰਨਾਕ ਅਤੇ ਪੰਜਾਬ ਦੇ ਹਿੱਤਾਂ ਦੇ ਖਿਲਾਫ ਹੈ। ਉਹਨਾਂ ਕਿਹਾ ਕਿ ਪੰਜਾਬ ਕੋਲੋਂ ਇਸਦੇ ਹੱਕੀ ਪਾਣੀਆਂ ਨੂੰ ਖੋਹਣ ਲਈ ਇਹ ਬਹੁਤ ਵੱਡੀ ਸਾਜਿਸ਼ ਰਚੀ ਗਈ ਹੈ। ਉਹਨਾਂ ਕਿਹਾ ਕਿ ਪਹਿਲਾਂ ਹੀ ਹਰਿਆਣਾ ਨੂੰ ਪੰਜਾਬ ਦੇ ਪਾਣੀ ਸਪਲਾਈ ਕਰਨ ਲਈ ਐਸ.ਵਾਈ.ਐਲ ਨਹਿਰ ਦੀ ਉਸਾਰੀ ਕੀਤੀ ਜਾ ਰਹੀ ਹੈ। ਹੁਣ ਪਾਕਿਸਤਾਨ ਨੂੰ ਸਜ਼ਾ ਦੇਣ ਦੇ ਬਹਾਨੇ ਪੰਜਾਬ ਕੋਲੋਂ ਇਸ ਦੇ ਪਾਣੀਆਂ ਨੂੰ ਲੁੱਟਣ ਦੀ ਕੇਂਦਰ ਵੱਲੋਂ ਇੱਕ ਹੋਰ ਕੋਸ਼ਿਸ਼ ਕੀਤੀ ਜਾ ਰਹੀ ਹੈ।
ਖਹਿਰਾ ਨੇ ਕਿਹਾ ਕਿ ਉਹਨਾਂ ਨੂੰ ਹੈਰਾਨੀ ਹੋਈ ਕਿ ਨਾ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਾ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਗਡਕਰੀ ਦੇ ਇਸ ਬਿਆਨ ਉੱਪਰ ਪ੍ਰਤੀਕਿਰਿਆ ਜਤਾਈ ਜਿਸ ਤੋਂ ਕਿ ਉਹਨਾਂ ਦੀ ਕੇਂਦਰ ਵਿਚਲੀ ਭਾਜਪਾ ਸਰਕਾਰ ਦੇ ਪੰਜਾਬ ਵਿਰੋਧੀ ਸਟੈਂਡ ਨਾਲ ਸਹਿਮਤ ਹੋਣ ਦਾ ਖੁਲਾਸਾ ਹੁੰਦਾ ਹੈ। ਉਹਨਾਂ ਕਿਹਾ ਕਿ ਜੇਕਰ ਪੰਜਾਬ ਦੇ ਤਿੰਨਾਂ ਦਰਿਆਵਾਂ ਦਾ ਪਾਣੀ ਯਮੁਨਾ ਵੱਲ ਮੋੜ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਪੰਜਾਬ ਤਬਾਹ ਹੋ ਜਾਵੇਗਾ ਅਤੇ ਖੇਤੀਯੋਗ ਜਮੀਨ ਬੰਜਰ ਹੋ ਜਾਵੇਗੀ।
ਪੀ.ਈ.ਪੀ ਪ੍ਰਧਾਨ ਨੇ ਕਿਹਾ ਕਿ ਕੇਂਦਰ ਵਿਚਲੀਆਂ ਪਿਛਲੀਆਂ ਸਰਕਾਰਾਂ ਨੇ ਪਹਿਲਾਂ ਹੀ ਗਲਤ ਸਮਝੋਤਿਆਂ ਤਹਿਤ ਪੰਜਾਬ ਦੇ ਦਰਿਆਵਾਂ ਵਿੱਚੋਂ ਰਾਜਸਥਾਨ, ਹਰਿਆਣਾ ਅਤੇ ਦਿੱਲੀ ਨੂੰ ਪਾਣੀਆਂ ਦਾ ਹਿੱਸਾ ਦਿੱਤਾ ਹੋਇਆ ਹੈ। ਉਹਨਾਂ ਕਿਹਾ ਕਿ ਤਿੰਨਾਂ ਦਰਿਆਵਾਂ ਦਾ ਪਾਣੀ ਮੋੜਣ ਦੇ ਕੇਂਦਰ ਦੇ ਕਦਮ ਨਾਲ ਪੰਜਾਬ ਦੀ ਅਰਥਵਿਵਸਥਾ ਤਬਾਹ ਹੋ ਜਾਵੇਗੀ। ਪੰਜਾਬ ਦੇ ਕਿਸਾਨ ਪਹਿਲਾਂ ਹੀ ਸੂਬੇ ਵਿੱਚ ਲਗੇ 14 ਲੱਖ ਟਿਊਬਵੈਲਾਂ ਨਾਲ ਜਮੀਨ ਹੇਠਲਾ ਪਾਣੀ ਕੱਢ ਰਹੇ ਹਨ। ਅਮਰੀਕਾ ਦੀ ਸਪੇਸ ਏਜੰਸੀ ਨਾਸਾ ਨੇ ਪੰਜਾਬ ਨੂੰ ਲਾਲ ਨਿਸ਼ਾਨ ਨਾਲ ਦਿਖਾਇਆ ਹੈ ਜੋ ਕਿ ਜਮੀਨ ਹੇਠਲੇ ਪਾਣੀ ਦੇ ਚਿੰਤਾਜਨਕ ਹਾਲ ਦਰਸਾਉਂਦਾ ਹੈ।
ਗਡਕਰੀ ਵੱਲੌਂ ਦਿੱਤੇ ਇਸ ਬਿਆਨ ਸਬੰਧੀ ਖਹਿਰਾ ਨੇ ਕੇਂਦਰ ਤੋਂ ਸਪੱਸ਼ਟੀਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਅਜਿਹਾ ਕੋਈ ਵੀ ਕਦਮ ਰਿਪੇਰੀਅਨ ਕਾਨੂੰਨਾਂ ਦੀ ਉਲੰਘਣਾ ਹੋਵੇਗੀ ਕਿਉਂਕਿ ਪੰਜਾਬ ਕੋਲ ਸਿਰਫ ਪਾਣੀ ਦਾ ਹੀ ਕੁਦਰਤੀ ਸਰੋਤ ਹੈ। ਉਹਨਾਂ ਕਿਹਾ ਕਿ ਪੰਜਾਬ ਨੂੰ ਪਹਿਲਾਂ ਹੀ ਹਾਈਡ੍ਰੋ ਪ੍ਰੋਜੈਕਟਾਂ ਤੋਂ ਅਲੱਗ ਕਰ ਦਿੱਤਾ ਗਿਆ ਸੀ ਅਤੇ ਇਹਨਾਂ ਦਾ ਕੰਟਰੋਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਦਿੱਤਾ ਗਿਆ ਹੈ।
ਉਹਨਾਂ ਕਿਹਾ ਕਿ ਪੀ.ਈ.ਪੀ ਕੇਂਦਰ ਦੇ ਇਸ ਫੈਸਲੇ ਖਿਲਾਫ ਜਨਤਾ ਵਿੱਚ ਵੱਡੇ ਪੱਧਰ ਉੱਤੇ ਲੋਕ ਲਹਿਰ ਖੜੀ ਕਰੇਗੀ। ਪੰਜਾਬ ਖਿਲਾਫ ਰਚੀ ਗਈ ਇਸ ਸਾਜਿਸ਼ ਦਾ ਹਿੱਸਾ ਬਣੇ ਸੂਬੇ ਦੇ ਬੇਈਮਾਨ ਲੀਡਰਾਂ ਨੂੰ ਵੀ ਖਹਿਰਾ ਨੇ ਤਾੜਣਾ ਕੀਤੀ।
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿੱਚ ਸ਼ਮੂਲੀਅਤ ਹੋਣ ਕਾਰਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡਿਪਟੀ ਸੀ.ਐਮ. ਸੁਖਬੀਰ ਬਾਦਲ ਅਤੇ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਨੂੰ ਤੁਰੰਤ ਗ੍ਰਿਫਤਾਰ ਕੀਤੇ ਜਾਣ ਦੀ ਵੀ ਖਹਿਰਾ ਨੇ ਮੰਗ ਕੀਤੀ। ਉਹਨਾਂ ਕਿਹਾ ਕਿ ਉਹਨਾਂ ਨੂੰ ਅਜਿਹੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜੋ ਕਿ ਮਿਸਾਲ ਸਾਬਿਤ ਹੋਵੇ ਤਾਂ ਕਿ ਭਵਿੱਖ ਵਿੱਚ ਕੋਈ ਵੀ ਕਿਸੇ ਵੀ ਧਾਰਮਿਕ ਗ੍ਰੰਥ ਦਾ ਅਪਮਾਨ ਕਰਨ ਦੀ ਜੁਰੱਅਤ ਨਾ ਕਰ ਸਕੇ। ਉਹਨਾਂ ਕਿਹਾ ਕਿ ਬਾਦਲ ਵੱਲੋਂ ਡੀ.ਜੀ.ਪੀ ਨੂੰ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਫੋਨ ਕਰਨਾ ਬੇਲੋੜਾ ਸੀ। ਸੁਖਬੀਰ ਬਾਦਲ ਨੂੰ ਵੀ ਅਜਿਹਾ ਕਰਨ ਦੀ ਸਲਾਹ ਦੇਣੀ ਚਾਹੀਦੀ ਹੈ।
ਖਹਿਰਾ ਨੇ ਕਿਹਾ ਕਿ ਸਿੱਖਿਆ ਅਧਿਕਾਰੀਆਂ ਵੱਲੋਂ ਪੁਲਿਸ ਟੀਮਾਂ ਨਾਲ ਸਕੂਲਾਂ ਵਿੱਚ ਰੇਡ ਕੀਤਾ ਜਾਣਾ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਅਧਿਆਪਕਾਂ ਨੂੰ ਨਰੇਗਾ ਦਿਹਾੜੀਦਾਰਾਂ ਵਾਂਗ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਹਨਾਂ ਨੇ ਮੁੱਖ ਮੰਤਰੀ ਨੂੰ ਦਖਲ ਦੇਣ ਅਤੇ ਅਧਿਆਪਕਾਂ ਨੂੰ ਇਨਸਾਫ ਦੇਣ ਲਈ ਆਖਿਆ।