
ਰਾਜ ਭਰ ‘ਚੋਂ ਵੱਡੀ ਗਿਣਤੀ ਵਿਚ ਪੱਤਰਕਾਰਾਂ ਦੇ ਪੁੱਜਣ ਦੀ ਆਸ
ਮਾਨਸਾ, 22 ਫਰਵਰੀ (ਵਿਸ਼ਵ ਵਾਰਤਾ)-ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਦੂਸਰੀ ਸੂਬਾਈ ਕਾਨਫਰੰਸ 24 ਫਰਵਰੀ ਨੂੰ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਜਲੰਧਰ ਵਿਖੇ ਕੀਤੀ ਜਾ ਰਹੀ ਹੈ, ਜਿਸ ਦੀਆਂ ਪ੍ਰਬੰਧਕਾਂ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਹੋਣ ਦਾ ਦਾਅਵਾ ਕੀਤਾ ਗਿਆ ਹੈ। ਜਥੇਬੰਦੀ ਦੇ ਸੂਬਾਈ ਪ੍ਰਧਾਨ ਬਲਵਿੰਦਰ ਜੰਮੂ ਚੇਅਰਮੈਨ ਬਲਵੀਰ ਜੰਡੂ ਅਤੇ ਸੈਕਟਰੀ ਜਨਰਲ ਪ੍ਰੀਤਮ ਰੁਪਾਲ ਕੋਲ ਰਾਜ ਦੇ ਸਾਰੇ ਜ਼ਿਲ੍ਹਿਆਂ ਦੀਆਂ ਇਕਾਈਆਂ ਸਮੇਤ ਚੰਡੀਗੜ੍ਹ ਤੋਂ ਵੱਡੀ ਗਿਣਤੀ ਵਿਚ ਪੱਤਰਕਾਰਾਂ ਨੇ ਪੁੱਜਣ ਦੀ ਹਾਮੀ ਭਰ ਦਿੱਤੀ ਗਈ ਹੈ।
ਇਸ ਕਾਨਫਰੰਸ ਦੇ ਚੀਫ ਗੈਸਟ ਫੂਡ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਹੋਣਗੇ ਅਤੇ ਸ਼ਪੈਸ਼ਲ ਗੈਸਟ ਸਾਬਕਾ ਓਲੰਪਿਅਨ ਅਤੇ ਵਿਧਾਇਕ ਪ੍ਰਗਟ ਸਿੰਘ ਅਤੇ ਇੰਡੀਅਨ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਦੀਪਾਲੂ ਪਾਲੀ ਅਮਰ ਹੋਣਗੇ, ਜਦੋਂ ਕਿ ਗੈਸਟ ਆਫ ਆਨਰ ਵੱਜੋ ਜਥੇਬੰਦੀ ਦੇ ਸਾਬਕਾ ਕੌਮੀ ਪ੍ਰਧਾਨ ਐਸ.ਐਮ.ਸੀਨਾ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ।
ਇਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੀਆਂ ਬਹੁਤ ਸਾਰੀਆਂ ਤਕਲੀਫਾਂ ਦੇ ਹੱਲ ਹੋਣ ਦੀਆਂ ਸੰਭਾਵਨਾਵਾਂ ਜਾਪਦੀਆਂ ਹਨ ਅਤੇ ਆਸ ਕੀਤੀ ਜਾਂਦੀ ਹੈ ਕਿ ਜਥੇਬੰਦੀ ਦੀ ਸੂਬਾਈ ਟੀਮ ਵੱਲੋਂ ਪੰਜਾਬ ਸਰਕਾਰ ਨੂੰ, ਜੋ ਫੀਲਡ ਦੇ ਪੱਤਰਕਾਰਾਂ ਸਮੇਤ ਦੂਸਰੇ ਨਾਮਾਂਨਿਗਾਰਾਂ ਦੀਆਂ ਸਮੱਸਿਆਵਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ ਸੀ, ਉਨ੍ਹਾਂ ਵਿਚੋਂ ਬਹੁਤੀਆਂ ਮੰਗਾਂ ਨੂੰ ਮੰਨਣ ਦਾ ਉਸ ਦਿਨ ਸਰਕਾਰੀ ਨੁੰਮਾਇੰਦਿਆਂ ਵੱਲੋਂ ਐਲਾਨ ਕੀਤਾ ਜਾ ਸਕਦਾ ਹੈ। ਇਹ ਮੰਗ ਪੱਤਰ ਬਲਵਿੰਦਰ ਜੰਮੂ, ਬਲਵੀਰ ਜੰਡੂ ਅਤੇ ਪ੍ਰੀਤਮ ਰੁਪਾਲ ਵੱਲੋਂ ਪੰਜਾਬ ਸਰਕਾਰ ਤੱਕ ਕਈ ਵਾਰ ਪੁੱਜਦਾ ਕੀਤਾ ਗਿਆ ਹੈ।
ਇਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਮੰਚ ਤੋਂ ਪੇਸ਼ ਕਰਕੇ ਉਨ੍ਹਾਂ ਨੂੰ ਵਿਚਾਰਿਆ ਜਾਵੇਗਾ ਅਤੇ ਸਰਕਾਰ ਵੱਲੋਂ ਮੈਨੀਫੈਸਟੋ ਵਿਚ ਪੱਤਰਕਾਰਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਲਈ ਦਬਾਅ ਬਣਾਇਆ ਜਾਵੇਗਾ। ਯੂਨੀਅਨ ਵੱਲੋਂ ਕੱਲ੍ਹ ਕੋਟਕਪੂਰਾ ਵਿਚ ਹੋਈ ਘਟਨਾ ਦੀ ਨਿਖੇਧੀ ਕਰਦੇ ਹੋਏ ਹਮਲਾਵਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾਂਦੀ ਹੈ।
ਜਥੇਬੰਦੀ ਵੱਲੋਂ ਕਾਨਫਰੰਸ ਦੌਰਾਨ ਪੱਤਰਕਾਰਾਂ ਵਾਸਤੇ ਪੰਜ ਲੱਖ ਰੁਪਏ ਬੀਮਾ ਯੋਜਨਾ ਨੂੰ 10 ਲੱਖ ਰੁਪਏ ਕਰਨ ਦੀ ਮੰਗ ਕੀਤੀ ਜਾਵੇਗੀ ਅਤੇ ਪ੍ਰੈਸ ਨਾਲ ਸਬੰਧਤ ਲੋਕਾਂ ਦੀ ਭਲਾਈ ਵਾਸਤੇ 50 ਕਰੋੜ ਰੁਪਏ ਦਾ ਇਕ ਵਿਸ਼ੇਸ਼ ਮੀਡੀਆ ਵੈਲਫੇਅਰ ਫੰਡ ਕਾਇਮ ਕਰਨ ਦੀ ਪੰਜਾਬ ਸਰਕਾਰ ਸਾਹਮਣੇ ਮੰਗ ਰੱਖੀ ਜਾਵੇਗੀ। ਯੂਨੀਅਨ ਨੇ ਪੱਤਰਕਾਰਾਂ ਨੂੰ ਗਰੁੱਪ ਹਾਊਸਿੰਗ ਸੁਸਾਇਟੀਜ਼ ਬਣਾਕੇ ਪੁੱਡਾ, ਇੰਪਰੂਵਮੈਂਟ ਟਰੱਸਟ ਆਦਿ ਵਿਚ ਮਕਾਨ ਬਣਾਉਣ ਦੀ ਆਗਿਆ ਦੇਣ ਦੀ ਮੰਗ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਜਥੇਬੰਦੀ ਨੇ ਐਕਰੀਡੇਸ਼ਨ ਦੀ ਨੀਤੀ ਨੂੰ ਲਿਬਰਲ ਕਰਨ ਦੀ ਮੰਗ ਕਰਦੀ ਹੈ ਅਤੇ ਪੱਤਰਕਾਰਾਂ ਨੂੰ ਆਪਣੇ ਕੰਮ ਵਾਸਤੇ ਹਰ ਤਰ੍ਹਾਂ ਦੀਆਂ ਬੱਸਾਂ ਵਿਚ ਮੁਫਤ ਸਫਰ ਦੀ ਸਹੂਲਤ ਦੇਣ ਦੀ ਮੰਗ ਉਪਰ ਵੀ ਅੜੀ ਹੋਈ ਹੈ ਅਤੇ ਇਹ ਸਹੂਲਤ ਫੀਲਡ ਵਿਚ ਕੰਮ ਕਰਨ ਵਾਲੇ ਪੱਤਰਕਾਰਾਂ ਲਈ ਲਾਜਮੀ ਦਿੱਤੀ ਜਾਵੇ, ਕਿਉਂਕਿ ਜਿਆਦਾ ਸਫਰ ਇਨ੍ਹਾਂ ਪੱਤਰਕਾਰਾਂ ਨੂੰ ਹੀ ਕਰਨਾ ਪੈਂਦਾ ਹੈ ਅਤੇ ਵਿਭਾਗ ਵੱਲੋਂ ਜਾਰੀ ਕੀਤੀਆਂ ਪਾਸ ਬੁੱਕਾਂ ਆਪਣੇ ਆਪ ਰੀਨਿਊ ਕੀਤੀਆਂ ਜਾਣ ਦੀ ਸਰਕਾਰ ਪਾਸੋਂ ਮੰਗ ਕੀਤੀ ਗਈ ਹੈ।





















