Ludhiana ਡੀਸੀ ਨੇ 14 ਨਵੰਬਰ ਨੂੰ ਹੋਣ ਵਾਲੇ ਮੈਗਾ ਲਾਈਟ ਐਂਡ ਸਾਊਂਡ ਸ਼ੋਅ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
– ਡਿਪਟੀ ਕਮਿਸ਼ਨਰ ਵੱਲੋਂ ਲੁਧਿਆਣਵੀਆਂ ਨੂੰ ਸ਼ਾਮ 5 ਵਜੇ ਤੱਕ ਪਰਿਵਾਰ ਸਮੇਤ ਪਹੁੰਚਣ ਦੀ ਅਪੀਲ
ਲੁਧਿਆਣਾ, 13 ਨਵੰਬਰ (ਵਿਸ਼ਵ ਵਾਰਤਾ) – ਪੰਜਾਬ ਸਰਕਾਰ ਵੱਲੋਂ 14 ਨਵੰਬਰ ਨੂੰ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Ludhiana) ਦੇ ਮੇਲਾ ਗਰਾਊਂਡ ਵਿਖੇ ਇੱਕ ਸ਼ਾਨਦਾਰ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਯਾਦਗਾਰ ਲੜੀ ਦਾ ਇੱਕ ਮੁੱਖ ਹਿੱਸਾ ਹੈ।ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਮੈਗਾ ਈਵੈਂਟ ਲਈ ਵੱਖ-ਵੱਖ ਪ੍ਰਬੰਧਾਂ ਜਿਵੇ ਕਿ ਸੁਰੱਖਿਆ, ਟ੍ਰੈਫਿਕ ਪ੍ਰਬੰਧਨ, ਸਥਾਨ ਦੀ ਸਫਾਈ, ਪਾਰਕਿੰਗ ਪ੍ਰਬੰਧ, ਨਿਰਵਿਘਨ ਬਿਜਲੀ ਸਪਲਾਈ, ਮੈਡੀਕਲ ਟੀਮਾਂ ਦੀ ਤਾਇਨਾਤੀ ਆਦਿ ਦਾ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਜੈਨ (Ludhiana) ਵੱਲੋਂ ਅਧਿਕਾਰੀਆਂ ਨੂੰ ਨਿਰਵਿਘਨ ਪ੍ਰਵੇਸ਼, ਆਰਾਮਦਾਇਕ ਬੈਠਣ ਅਤੇ ਸਾਰੀਆਂ ਜ਼ਰੂਰੀ ਸਹੂਲਤਾਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਤਾਂ ਜੋ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਔਕੜ ਪੇਸ਼ ਨਾ ਆਵੇ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸਦੀਵੀ ਸਿੱਖਿਆਵਾਂ ‘ਤੇ ਕੇਂਦ੍ਰਿਤ ਇੱਕ ਮਨਮੋਹਕ ਲਾਈਟ ਐਂਡ ਸਾਊਂਡ ਸ਼ੋਅ 14 ਨਵੰਬਰ ਨੂੰ ਸ਼ਾਮ 6:00 ਵਜੇ ਸ਼ੁਰੂ ਹੋਵੇਗਾ।
ਉਨ੍ਹਾਂ ਦੱਸਿਆ ਕਿ ਅਡਵਾਂਸ ਡਿਜੀਟਲ ਸਟੋਰੀਟੈਲਿੰਗ ਰਾਹੀਂ 45 ਮਿੰਟ ਦੀ ਪੇਸ਼ਕਾਰੀ ਗੁਰੂ ਜੀ ਦੇ ਅਸਾਧਾਰਨ ਜੀਵਨ, ਡੂੰਘੇ ਦਰਸ਼ਨ ਅਤੇ ਸਰਵਉੱਚ ਕੁਰਬਾਨੀ ਨੂੰ ਸਪਸ਼ਟ ਰੂਪ ਵਿੱਚ ਦਰਸਾਏਗੀ। ਉਨ੍ਹਾਂ ਕਿਹਾ ਕਿ ਮੇਲਾ ਗਰਾਊਂਡ (Ludhiana) ਵਿੱਚ ਐਂਟਰੀ ਸ਼ਾਮ 5:00 ਵਜੇ ਖੁੱਲ੍ਹੇਗੀ, ਲਾਈਟ ਐਂਡ ਸਾਊਂਡ ਸ਼ੋਅ ਬਿਲਕੁਲ ਮੁਫ਼ਤ ਹੈ ਅਤੇ ਕਿਸੇ ਵੀ ਪਾਸ ਦੀ ਲੋੜ ਨਹੀਂ ਹੈ। ਸਾਰਿਆਂ ਨੂੰ ਇਸ ਰੂਹ ਨੂੰ ਛੂਹ ਲੈਣ ਵਾਲੀ ਸ਼ਰਧਾਂਜਲੀ ਵਿੱਚ ਸ਼ਾਮਲ ਹੋਣ ਲਈ ਨਿੱਘਾ ਸੱਦਾ ਦਿੱਤਾ ਜਾਂਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















