Delhi Blast : NIA ਕਰੇਗੀ ਦਿੱਲੀ ਕਾਰ ਧਮਾਕੇ ਦੀ ਜਾਂਚ
– ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧੀ
ਨਵੀ ਦਿੱਲੀ, 11 ਨਵੰਬਰ 2025 (ਵਿਸ਼ਵ ਵਾਰਤਾ): ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਨੇੜੇ ਬੀਤੀ ਸ਼ਾਮ ਇੱਕ ਚੱਲਦੀ ਕਾਰ ਵਿੱਚ ਵੱਡਾ ਧਮਾਕਾ ਹੋਇਆ।ਇਸ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੁਣ 12 ਹੋ ਗਈ ਹੈ। ਜਦੋਂ ਕਿ 20 ਲੋਕ ਜ਼ਖਮੀ ਹਨ। ਜ਼ਖਮੀਆਂ ਨੂੰ ਐਲਐਨਜੇਪੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀਤੀ ਦੇਰ ਰਾਤ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਜ਼ਖਮੀਆਂ ਨਾਲ ਮੁਲਾਕਾਤ ਕੀਤੀ। ਗ੍ਰਹਿ ਮੰਤਰਾਲੇ ਨੇ ਘਟਨਾ ਤੋਂ 20 ਘੰਟੇ ਬਾਅਦ ਦਿੱਲੀ ਕਾਰ ਧਮਾਕੇ ਦੇ ਮਾਮਲੇ ਦੀ ਜਾਂਚ NIA ਨੂੰ ਸੌਂਪ ਦਿੱਤੀ ਹੈ।
ਧਮਾਕੇ ਵਿੱਚ ਵਰਤੀ ਗਈ ਚਿੱਟੀ ਆਈ20 ਕਾਰ ਦੀ ਸੀਸੀਟੀਵੀ ਫੁਟੇਜ ਅੱਜ ਸਾਹਮਣੇ ਆਈ ਹੈ। ਮੈਟਰੋ ਸਟੇਸ਼ਨ ਦੀ ਪਾਰਕਿੰਗ ਤੋਂ ਬਾਹਰ ਨਿਕਲਦੇ ਸਮੇਂ ਇੱਕ ਵਿਅਕਤੀ ਨੂੰ ਕਾਲਾ ਮਾਸਕ ਪਹਿਨੇ ਕਾਰ ਵਿੱਚ ਬੈਠਾ ਦੇਖਿਆ ਗਿਆ। ਪੁਲਿਸ ਅਨੁਸਾਰ, ਕਾਰ ਵਿੱਚ ਸਵਾਰ ਵਿਅਕਤੀ ਦੀ ਪਛਾਣ ਪੁਲਵਾਮਾ ਦੇ ਰਹਿਣ ਵਾਲੇ ਡਾਕਟਰ ਮੁਹੰਮਦ ਉਮਰ ਨਬੀ ਵਜੋਂ ਹੋਈ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਉਮਰ ਨੇ ਆਪਣੇ ਆਪ ਨੂੰ ਵਿਸਫੋਟਕਾਂ ਨਾਲ ਉਡਾ ਲਿਆ ਹੈ। ਉਸਦੇ ਮਾਤਾ-ਪਿਤਾ ਅਤੇ ਦੋ ਭਰਾਵਾਂ ਨੂੰ ਕਸ਼ਮੀਰ ਪੁਲਿਸ ਨੇ ਪੁਲਵਾਮਾ ਵਿੱਚ ਡੀਐਨਏ ਟੈਸਟ ਲਈ ਹਿਰਾਸਤ ਵਿੱਚ ਲਿਆ ਹੈ। ਉਸਦੇ ਦੋਸਤ, ਡਾਕਟਰ ਸੱਜਾਦ ਨੂੰ ਵੀ ਪੁਲਵਾਮਾ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਦਿੱਲੀ ਪੁਲਿਸ, ਐਫਐਸਐਲ ਟੀਮ, ਐਨਆਈਏ ਅਤੇ ਐਨਐਸਜੀ ਨੇ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਧਮਾਕੇ ਦੇ ਮਾਮਲੇ ਸਬੰਧੀ ਇੱਕ ਵੱਡਾ ਬਿਆਨ ਜਾਰੀ ਕੀਤਾ। ਰਾਜਨਾਥ ਸਿੰਘ ਨੇ ਕਿਹਾ, “ਮੈਂ ਕੱਲ੍ਹ ਦਿੱਲੀ ਵਿੱਚ ਹੋਏ ਦੁਖਦਾਈ ਹਾਦਸੇ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਸਾਰੇ ਲੋਕਾਂ ਪ੍ਰਤੀ ਦਿਲੋਂ ਸੰਵੇਦਨਾ ਪ੍ਰਗਟ ਕਰਦਾ ਹਾਂ। ਮੈਂ ਇਸ ਡੂੰਘੇ ਦੁੱਖ ਦੀ ਘੜੀ ਵਿੱਚ ਦੁਖੀ ਪਰਿਵਾਰਾਂ ਨੂੰ ਹੋਂਸਲਾ ਅਤੇ ਬਲ ਦੇਣ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ।” ਉਨ੍ਹਾਂ ਕਿਹਾ, “ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਜਾਰੀ ਹੈ। ਜਾਂਚ ਦੇ ਵੇਰਵੇ ਜਲਦੀ ਹੀ ਜਨਤਕ ਕੀਤੇ ਜਾਣਗੇ। ਧਮਾਕੇ ਲਈ ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ।”
ਦੱਸ ਦਈਏ ਕਿ ਸੁਰੱਖਿਆ ਏਜੰਸੀਆਂ ਨੇ ਸਾਵਧਾਨੀ ਵਜੋਂ ਮੈਟਰੋ ਸਟੇਸ਼ਨ ਦੇ ਦੋ ਗੇਟ ਬੰਦ ਕਰ ਦਿੱਤੇ ਹਨ। ਲਾਲ ਕਿਲ੍ਹਾ ਵੀ 13 ਨਵੰਬਰ ਤੱਕ ਜਨਤਾ ਲਈ ਬੰਦ ਕਰ ਦਿੱਤਾ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























