Bihar Elections 2025: ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਲਈ ਵੋਟਿੰਗ ਜਾਰੀ
– ਜਨ ਸੁਰਾਜ ਪਾਰਟੀ ਦੇ ਮੁਖੀ ਪ੍ਰਸ਼ਾਂਤ ਕਿਸ਼ੋਰ ਨੇ ਪਾਈ ਵੋਟ
– ਦੋ ਗੁੱਟਾਂ ਵਿਚਾਲੇ ਝੜਪ
ਬਿਹਾਰ, 11 ਨਵੰਬਰ 2025 (ਵਿਸ਼ਵ ਵਾਰਤਾ) – ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਲਈ 20 ਜ਼ਿਲ੍ਹਿਆਂ ਦੀਆਂ 122 ਸੀਟਾਂ ‘ਤੇ ਵੋਟਿੰਗ ਜਾਰੀ ਹੈ। ਸਵੇਰੇ 11 ਵਜੇ ਤੱਕ, 31.38 ਪ੍ਰਤੀਸ਼ਤ ਵੋਟਿੰਗ ਹੋ ਚੁੱਕੀ ਹੈ, ਜੋ ਕਿ ਪਹਿਲੇ ਪੜਾਅ ਨਾਲੋਂ ਲਗਭਗ 3 ਪ੍ਰਤੀਸ਼ਤ ਵੱਧ ਹੈ। ਦੂਜੇ ਪੜਾਅ ਵਿੱਚ 12 ਮੰਤਰੀਆਂ ਸਮੇਤ 1302 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ 3.70 ਕਰੋੜ ਵੋਟਰ ਕਰਨਗੇ।
ਜਨ ਸੁਰਾਜ ਪਾਰਟੀ ਦੇ ਮੁਖੀ ਪ੍ਰਸ਼ਾਂਤ ਕਿਸ਼ੋਰ ਨੇ ਰੋਹਤਾਸ ਜ਼ਿਲ੍ਹੇ ਦੇ ਕਾਰਗਾਹਰ ਵਿਧਾਨ ਸਭਾ ਹਲਕੇ ਵਿੱਚ ਆਪਣੀ ਵੋਟ ਪਾਈ। ਪ੍ਰਸ਼ਾਂਤ ਕਿਸ਼ੋਰ ਨੇ ਕੋਨਾਰ ਪਿੰਡ ਦੇ ਇੱਕ ਪੋਲਿੰਗ ਬੂਥ ‘ਤੇ ਆਪਣੀ ਵੋਟ ਪਾਈ।
ਦੱਸ ਦਈਏ ਕਿ 20 ਜ਼ਿਲ੍ਹਿਆਂ ਦੇ 45,399 ਬੂਥਾਂ ‘ਤੇ ਵੋਟਿੰਗ ਹੋ ਰਹੀ ਹੈ। ਇਨ੍ਹਾਂ ਵਿੱਚੋਂ 4,109 ਬੂਥਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਸੰਵੇਦਨਸ਼ੀਲ ਬੂਥਾਂ ‘ਤੇ ਵੋਟਿੰਗ ਸ਼ਾਮ 4 ਤੋਂ 5 ਵਜੇ ਤੱਕ ਹੋਵੇਗੀ, ਜਦੋਂ ਕਿ ਹੋਰ ਬੂਥਾਂ ‘ਤੇ ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ।
ਇਸ ਵਿਚਾਲੇ ਹੀ ਜਾਣਕਾਰੀ ਮਿਲੀ ਹੈ ਕਿ ਜਹਾਨਾਬਾਦ ਵਿੱਚ ਦੋ ਗੁੱਟਾਂ ਵਿਚਕਾਰ ਝੜਪ ਹੋ ਗਈ, ਜਿਸ ਵਿੱਚ ਚਾਰ ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਵੋਟਿੰਗ ਨੂੰ ਲੈ ਕੇ ਬੂਥ ਨੰਬਰ 220 ‘ਤੇ ਦੋ ਪਾਰਟੀਆਂ ਦੇ ਵਰਕਰ ਆਪਸ ਵਿੱਚ ਭਿੜ ਗਏ।ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਵੋਟਿੰਗ ਨੂੰ ਲੈ ਕੇ ਦੋ ਗੁੱਟਾਂ ਵਿਚਕਾਰ ਝੜਪ ਹੋਈ। ਹਾਲਾਂਕਿ, ਤੁਰੰਤ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਨੂੰ ਸ਼ਾਂਤ ਕਰਵਾਇਆ। ਫਿਲਹਾਲ ਸਥਿਤੀ ਕਾਬੂ ਹੇਠ ਹੈ। ਪੁਲਿਸ ਟੀਮਾਂ ਲਗਾਤਾਰ ਨਿੱਗਰਾਨੀ ਰੱਖ ਰਹੀਆਂ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























