World Cup ਜਿੱਤਣ ‘ਤੇ ਭਾਰਤੀ ਮਹਿਲਾ ਟੀਮ ‘ਤੇ ਹੋਈ ਪੈਸਿਆਂ ਦੀ ਬਾਰਿਸ਼
– ਹਾਰ ਕੇ ਵੀ ਕਰੋੜਾਂ ‘ਚ ਖੇਡੇਗਾ ਦੱਖਣੀ ਅਫਰੀਕਾ
– ਜਾਣੋ ਕਿੰਨੀ ਮਿਲੀ ਇਨਾਮੀ ਰਾਸ਼ੀ
ਨਵੀ ਦਿੱਲੀ, 3 ਨਵੰਬਰ 2025 (ਵਿਸ਼ਵ ਵਾਰਤਾ): ਭਾਰਤੀ ਮਹਿਲਾਵਾਂ ਨੇ 47 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਇਤਿਹਾਸ ਰਚ ਦਿੱਤਾ। ਭਾਰਤੀ ਮਹਿਲਾਵਾਂ ਨੇ ਐਤਵਾਰ ਨੂੰ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਆਪਣਾ ਪਹਿਲਾ ਇੱਕ ਰੋਜ਼ਾ ਵਿਸ਼ਵ ਕੱਪ ਖਿਤਾਬ ਜਿੱਤਿਆ। 21 ਸਾਲਾ ਸ਼ੈਫਾਲੀ ਵਰਮਾ ‘ਪਲੇਅਰ ਆਫ਼ ਦ ਫਾਈਨਲ’ ਰਹੀ। ਖਿਤਾਬ ਜਿੱਤਣ ਤੋਂ ਬਾਅਦ ਭਾਰਤੀ ਮਹਿਲਾ ਟੀਮ ਮਾਲਾਮਾਲ ਹੋ ਗਈ ਹੈ।
ਆਈਸੀਸੀ ਨੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਐਲਾਨ ਕੀਤਾ ਸੀ ਕਿ 2025 ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ ਦੀ ਜੇਤੂ ਟੀਮ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ ਮਿਲੇਗੀ, ਅਤੇ ਬਿਲਕੁਲ ਅਜਿਹਾ ਹੀ ਹੋਇਆ। ਇਸ ਸਾਲ ਦੀ ਚੈਂਪੀਅਨ ਟੀਮ, ਭਾਰਤ, ਨੂੰ 4.48 ਮਿਲੀਅਨ ਅਮਰੀਕੀ ਡਾਲਰ( ਲਗਭਗ ₹40 ਕਰੋੜ) ਦਾ ਇਨਾਮ ਦਿੱਤਾ ਗਿਆ।ਇਹ ਇਨਾਮੀ ਰਾਸ਼ੀ ਪਿਛਲੇ ਐਡੀਸ਼ਨ ਯਾਨੀ 2022 ਵਿੱਚ ਹੋਏ ਮਹਿਲਾ ਵਨਡੇ ਵਿਸ਼ਵ ਕੱਪ ਨਾਲੋਂ ਚਾਰ ਗੁਣਾ ਜ਼ਿਆਦਾ ਹੈ।
ਪਿਛਲੇ ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ 2022 (ਨਿਊਜ਼ੀਲੈਂਡ) ਵਿੱਚ ਜੇਤੂ ਟੀਮ ਨੂੰ 1.32 ਮਿਲੀਅਨ ਡਾਲਰ( ਲਗਭਗ 11.65 ਕਰੋੜ) ਰੁਪਏ ਮਿਲੇ ਸਨ। ਪਰ 2025 ਐਡੀਸ਼ਨ ਲਈ ਇਨਾਮੀ ਰਾਸ਼ੀ ਦਾ ਢਾਂਚਾ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ। ਇਸ ਵਾਰ ਕੁੱਲ ਇਨਾਮੀ ਰਾਸ਼ੀ $13.88 ਮਿਲੀਅਨ (ਲਗਭਗ 122.5 ਕਰੋੜ ਰੁਪਏ) ਹੈ, ਜੋ ਕਿ 2022 ਵਿਸ਼ਵ ਕੱਪ ($3.5 ਮਿਲੀਅਨ ਜਾਂ 31 ਕਰੋੜ ਰੁਪਏ) ਦੀ ਰਕਮ ਤੋਂ ਕਾਫੀ ਜ਼ਿਆਦਾ ਹੈ।
ਖ਼ਿਤਾਬੀ ਮੈਚ ਹਾਰਨ ਵਾਲੀ ਟੀਮ ਦੱਖਣੀ ਅਫਰੀਕਾ ਨੂੰ ਉਪ ਜੇਤੂ ਵਜੋਂ 2.24 ਮਿਲੀਅਨ ਅਮਰੀਕੀ ਡਾਲਰ (ਲਗਭਗ ₹19.88 ਕਰੋੜ) ਮਿਲਣਗੇ। ਇਸ ਤੋਂ ਇਲਾਵਾ, ਦੱਖਣੀ ਅਫਰੀਕਾ ਨੇ ਗਰੁੱਪ ਪੜਾਅ ਵਿੱਚ ਪੰਜ ਮੈਚ ਜਿੱਤੇ। ਇਸ ਦੇ ਨਤੀਜੇ ਵਜੋਂ ਵਾਧੂ ₹1.5 ਕਰੋੜ ਮਿਲਣਗੇ। ਦੱਖਣੀ ਅਫਰੀਕਾ ਨੂੰ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਵਾਧੂ ਸਵਾ 2 ਕਰੋੜ ਰੁਪਏ ਪ੍ਰਾਪਤ ਹੋਣਗੇ। ਇਸ ਨਾਲ ਕੁੱਲ ਰਕਮ ਲਗਭਗ 24 ਕਰੋੜ ਹੋ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























