Punjab : ਬਠਿੰਡਾ ਅਦਾਲਤ ‘ਚ ਪੇਸ਼ ਹੋਈ ਕੰਗਨਾ ਰਣੌਤ
– ਕੋਰਟ ‘ਚੋਂ ਬਾਹਰ ਆਉਂਦਿਆਂ ਹੀ ਦਿੱਤਾ ਵੱਡਾ ਬਿਆਨ
ਬਠਿੰਡਾ, 27 ਅਕਤੂਬਰ 2025 (ਵਿਸ਼ਵ ਵਾਰਤਾ) – ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸਾਂਸਦ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅੱਜ ਮਾਣਹਾਨੀ ਦੇ ਮਾਮਲੇ ਵਿੱਚ ਬਠਿੰਡਾ (Punjab) ਅਦਾਲਤ ‘ਚ ਪੇਸ਼ ਹੋਈ। ਅਦਾਲਤ ਚ ਪੇਸ਼ ਹੋਣ ਤੋਂ ਬਾਅਦ ਉਸਨੇ ਇਸ ਘਟਨਾਕ੍ਰਮ ਬਾਰੇ ਇਕ ਵੱਡਾ ਬਿਆਨ ਵੀ ਦਿੱਤਾ। ਉਸ ਨੇ ਕਿਹਾ ਕਿ “ਗਲਤਫਹਿਮੀ ਹੋਈ ਹੈ; ਮੈਂ ਮਾਤਾ (ਬਜ਼ੁਰਗ ਕਿਸਾਨ ਔਰਤ ) ਨੂੰ ਸੁਨੇਹਾ ਭੇਜਿਆ ਹੈ ਕਿ ਉਹ ਇੱਕ ਗਲਤਫਹਿਮੀ ਦਾ ਸ਼ਿਕਾਰ ਹੋਈ ਹੈ। ਮੈਂ ਆਪਣੇ ਇਹ ਸਭ ਕਦੇ ਸੁਪਨੇ ਵਿੱਚ ਵੀ ਕਦੇ ਨਹੀਂ ਸਕਦੀ ਜੋ ਦਿਖਾਇਆ ਗਿਆ ਹੈ। ਮਾਂ ਭਾਵੇਂ ਹਿਮਾਚਲ ਤੋਂ ਹੋਵੇ ਜਾਂ ਪੰਜਾਬ ਤੋਂ, ਉਹ ਸਤਿਕਾਰਯੋਗ ਹੈ। ਹਰ ਕੋਈ ਮੈਨੂੰ ਪਿਆਰ ਕਰਦਾ ਹੈ।”
ਦੱਸ ਦਈਏ ਕਿ ਇਹ ਮਾਮਲਾ 2021 ਦੇ ਕਿਸਾਨੀ ਅੰਦੋਲਨ ਨਾਲ ਸਬੰਧਤ ਹੈ, ਜਦੋਂ ਕੰਗਨਾ ਰਣੌਤ ਨੇ ਬਠਿੰਡਾ ਦੀ 87 ਸਾਲਾ ਬਜ਼ੁਰਗ ਕਿਸਾਨ ਔਰਤ ਮਹਿੰਦਰ ਕੌਰ ਬਾਰੇ ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਇਸ ਵਿੱਚ ਉਸਨੇ ਬਜ਼ੁਰਗ ਔਰਤ ਨੂੰ 100 – 100 ਰੁਪਏ ਲੈ ਕੇ ਕਿਸਾਨੀ ਅੰਦੋਲਨ ‘ਚ ਸ਼ਾਮਿਲ ਹੋਣ ਵਾਲੀ ਦੱਸਿਆ ਸੀ। ਜਿਸ ‘ਤੇ ਮਹਿੰਦਰ ਕੌਰ ਨੇ ਇਸ ਟਿੱਪਣੀ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕੀਤਾ। ਹਾਲਾਂਕਿ ਕੰਗਨਾ ਦਾ ਕਹਿਣਾ ਹੈ ਕਿ ਉਸ ਨੇ ਸਿਰਫ ਕਿਸੇ ਦੇ ਟਵੀਟ ਨੂੰ ਰੀਟਵੀਟ ਕੀਤਾ ਸੀ।
ਅਦਾਲਤ ਨੇ ਪਹਿਲਾਂ ਵੀ ਕੰਗਨਾ ਨੂੰ ਕਈ ਵਾਰ ਸੰਮਨ ਜਾਰੀ ਕੀਤੇ ਸਨ, ਪਰ ਉਹ ਪੇਸ਼ ਨਹੀਂ ਹੋਈ। ਉਸਦੇ ਵਕੀਲ ਨੇ ਉਸਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਲਈ ਵੀ ਅਰਜ਼ੀ ਦਿੱਤੀ ਸੀ, ਜਿਸਨੂੰ ਅਦਾਲਤ ਨੇ ਖਾਰਿਜ ਕਰ ਦਿੱਤਾ ਸੀ ਅਤੇ ਅਦਾਲਤ ਨੇ ਕੰਗਨਾ ਨੂੰ 27 ਅਕਤੂਬਰ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























