CJI: ਜਸਟਿਸ ਸੂਰਿਆ ਕਾਂਤ ਹੋਣਗੇ ਭਾਰਤ ਦੇ 53ਵੇਂ ਚੀਫ਼ ਜਸਟਿਸ
– ਸੀਜੇਆਈ ਬੀਆਰ ਗਵਈ ਨੇ ਕੀਤੀ ਨਾਮ ਦੀ ਸਿਫ਼ਾਰਸ਼
– ਇਸ ਤਾਰੀਕ ਨੂੰ ਸੇਵਾਮੁਕਤ ਹੋਣਗੇ CJI ਗਵਈ
ਨਵੀ ਦਿੱਲੀ, 27 ਅਕਤੂਬਰ 2025 (ਵਿਸ਼ਵ ਵਾਰਤਾ) – ਸੀਨੀਅਰ ਜੱਜ ਜਸਟਿਸ ਸੂਰਿਆ ਕਾਂਤ ਦੇ ਭਾਰਤ ਦੇ 53ਵੇਂ ਚੀਫ਼ ਜਸਟਿਸ ਬਣਨ ਦੀ ਸੰਭਾਵਨਾ ਹੈ। ਮੌਜੂਦਾ ਚੀਫ਼ ਜਸਟਿਸ ਬੀਆਰ ਗਵਈ ਨੇ ਅਗਲੇ ਚੀਫ਼ ਜਸਟਿਸ ਲਈ ਜਸਟਿਸ ਸੂਰਿਆਕਾਂਤ ਦੇ ਨਾਮ ਦਾ ਪ੍ਰਸਤਾਵ ਕੇਂਦਰੀ ਕਾਨੂੰਨ ਮੰਤਰਾਲੇ ਨੂੰ ਭੇਜਿਆ ਹੈ। ਇਸ ਦੇ ਨਾਲ ਹੀ ਸੀਜੇਆਈ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਦੱਸ ਦਈਏ ਕਿ ਮੌਜੂਦਾ ਸੀਜੇਆਈ, ਗਵਈ ਦਾ ਕਾਰਜਕਾਲ 23 ਨਵੰਬਰ ਨੂੰ ਖਤਮ ਹੋ ਰਿਹਾ ਹੈ। ਜਸਟਿਸ ਸੂਰਿਆ ਕਾਂਤ 24 ਨਵੰਬਰ ਨੂੰ ਉਨ੍ਹਾਂ ਦੀ ਥਾਂ ਸੀਜੇਆਈ ਬਣਨਗੇ। ਉਹ 9 ਫਰਵਰੀ, 2027 ਨੂੰ ਸੇਵਾਮੁਕਤ ਹੋਣਗੇ। ਉਨ੍ਹਾਂ ਦਾ ਕਾਰਜਕਾਲ ਲਗਭਗ 14 ਮਹੀਨੇ ਹੋਵੇਗਾ। ਸੁਪਰੀਮ ਕੋਰਟ ਦੇ ਜੱਜ 65 ਸਾਲ ਦੀ ਉਮਰ ਵਿੱਚ ਸੇਵਾਮੁਕਤ ਹੁੰਦੇ ਹਨ। ਜਸਟਿਸ ਸੂਰਿਆ ਕਾਂਤ ਭਾਰਤ ਦੇ ਚੀਫ਼ ਜਸਟਿਸ ਤੋਂ ਬਾਅਦ ਸਭ ਤੋਂ ਸੀਨੀਅਰ ਜੱਜ ਹਨ।
10 ਫਰਵਰੀ 1962 ਨੂੰ ਹਿਸਾਰ ਜ਼ਿਲ੍ਹੇ ਦੇ ਪੇਟਵਾਰ ਪਿੰਡ ਵਿੱਚ ਜਨਮੇ ਸੂਰਿਆਕਾਂਤ ਦਾ ਬਚਪਨ ਆਮ ਮਾਹੌਲ ਵਿੱਚ ਬੀਤਿਆ। ਜਸਟਿਸ ਸੂਰਿਆ ਕਾਂਤ ਭਾਰਤੀ ਨਿਆਂਪਾਲਿਕਾ ਦੇ ਸਿਖਰਲੇ ਅਹੁਦੇ ‘ਤੇ ਪਹੁੰਚਣ ਵਾਲੇ ਹਰਿਆਣਾ ਦੇ ਪਹਿਲੇ ਵਿਅਕਤੀ ਹੋਣਗੇ। ਉਨ੍ਹਾਂ ਦੇ ਨਾਮ ਦੀ ਸਿਫ਼ਾਰਸ਼ ਕਰਦੇ ਹੋਏ, ਸੀਜੇਆਈ ਗਵਈ ਨੇ ਕਿਹਾ ਕਿ ਜਸਟਿਸ ਸੂਰਿਆ ਕਾਂਤ ਸੁਪਰੀਮ ਕੋਰਟ ਦੀ ਅਗਵਾਈ ਕਰਨ ਲਈ ਸਭ ਤੋਂ ਢੁਕਵੇਂ ਅਤੇ ਸਮਰੱਥ ਵਿਅਕਤੀ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























