Cricket : ਸ਼੍ਰੇਅਸ ਅਈਅਰ ਸਿਡਨੀ ਦੇ ਹਸਪਤਾਲ ਦੇ ਆਈਸੀਯੂ ‘ਚ ਦਾਖਲ
ਨਵੀ ਦਿੱਲੀ, 27 ਅਕਤੂਬਰ 2025 (ਵਿਸ਼ਵ ਵਾਰਤਾ) – ਭਾਰਤੀ ਵਨਡੇ ਟੀਮ ਦੇ ਉਪ-ਕਪਤਾਨ ਸ਼੍ਰੇਅਸ ਅਈਅਰ ਨੂੰ ਸਿਡਨੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹ ਇਸ ਸਮੇਂ ਇੰਟੈਂਸਿਵ ਕੇਅਰ ਯੂਨਿਟ (ICU) ਵਿੱਚ ਭਰਤੀ ਹਨ।

ਸ਼੍ਰੇਅਸ ਅਈਅਰ ਨੂੰ ਆਸਟ੍ਰੇਲੀਆ ਵਿਰੁੱਧ ਤੀਜੇ ਮੈਚ ਦੌਰਾਨ ਪਸਲੀ ਦੀ ਸੱਟ ਲੱਗ ਗਈ ਸੀ। ਕੈਚ ਲੈਂਦੇ ਸਮੇਂ ਲੱਗੀ ਇਸ ਸੱਟ ਕਾਰਨ ਅੰਦਰੂਨੀ ਖੂਨ (internal bleeding) ਦੀ ਸਮੱਸਿਆ ਹੋ ਗਈ ਅਤੇ ਉਨ੍ਹਾਂ ਨੂੰ ਸਿਡਨੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੀ ਜਲਦ ਸਿਹਤਯਾਬੀ ਲਈ ਉਨ੍ਹਾਂ ਨੂੰ ਦੋ ਤੋਂ ਸੱਤ ਦਿਨਾਂ ਲਈ ਨਿਗਰਾਨੀ ਹੇਠ ਰੱਖਿਆ ਜਾਵੇਗਾ ਕਿਉਂਕਿ ਖੂਨ ਵਹਿਣ ਰਾਹੀਂ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣਾ ਮਹੱਤਵਪੂਰਨ ਸੀ। ਇੱਕ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸ਼੍ਰੇਅਸ ਅਈਅਰ ਦੇ ਮਾਪੇ ਆਪਣੇ ਪੁੱਤਰ ਦੀ ਦੇਖਭਾਲ ਲਈ ਆਸਟ੍ਰੇਲੀਆ ਰਵਾਨਾ ਹੋ ਸਕਦੇ ਹਨ।
ਬੀਸੀਸੀਆਈ ਨੇ ਵੀ ਸ਼ਨੀਵਾਰ ਨੂੰ ਮੈਚ ਤੋਂ ਬਾਅਦ ਅਈਅਰ ਬਾਰੇ ਜਾਣਕਾਰੀ ਦਿੱਤੀ ਸੀ। ਦੱਸ ਦਈਏ ਕਿ ਅਈਅਰ ਨੇ ਬੈਕਵਰਡ ਪੁਆਇੰਟ ਤੋਂ ਸ਼ਾਨਦਾਰ ਕੈਚ ਫੜਿਆ ਸੀ। ਇਸ ਦੌਰਾਨ ਉਸਦੀ ਖੱਬੀ ਪਸਲੀ ਵਿੱਚ ਸੱਟ ਲੱਗ ਗਈ ਅਤੇ ਸ਼ਨੀਵਾਰ ਨੂੰ ਡ੍ਰੈਸਿੰਗ ਰੂਮ ਵਿੱਚ ਵਾਪਸ ਆਉਣ ਤੋਂ ਥੋੜ੍ਹੀ ਦੇਰ ਬਾਅਦ ਹੀ ਉਸਨੂੰ ਹਸਪਤਾਲ ਲਿਜਾਇਆ ਗਿਆ। ਉਹ ਹੁਣ ਆਈਸੀਯੂ ਵਿੱਚ ਹੈ।ਪੀਟੀਆਈ ਨੂੰ ਸੂਤਰਾਂ ਨੇ ਦੱਸਿਆ ਕਿ “ਉਨ੍ਹਾਂ ਦੀ ਸਿਹਤ ਸਥਿਤੀ ਦੇ ਆਧਾਰ ‘ਤੇ ਉਨ੍ਹਾਂ ਨੂੰ ਦੋ ਤੋਂ ਸੱਤ ਦਿਨਾਂ ਤੱਕ ਨਿਗਰਾਨੀ ਹੇਠ ਰੱਖਿਆ ਜਾਵੇਗਾ। ਉਨ੍ਹਾਂ ਦੀ ਹਾਲਤ ਸਥਿਰ ਹੈ, ਪਰ ਇਹ ਘਾਤਕ ਹੋ ਸਕਦਾ ਸੀ। ਉਹ ਇੱਕ ਮਜ਼ਬੂਤ ਐਥਲੀਟ ਹਨ ਅਤੇ ਜਲਦੀ ਹੀ ਠੀਕ ਹੋ ਜਾਣਗੇ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























