Hyundai ਇੰਡੀਆ ਨੇ ਤਰੁਣ ਗਰਗ ਨੂੰ ਨਵਾਂ ਐਮਡੀ-ਸੀਈਓ ਕੀਤਾ ਨਿਯੁਕਤ
– ਇਸ ਦਿਨ ਤੋਂ ਸੰਭਾਲਣਗੇ ਜ਼ਿੰਮੇਵਾਰੀ
– ਕੰਪਨੀ ਦੀ ਅਗਵਾਈ ਕਰਨ ਵਾਲੇ ਪਹਿਲੇ ਭਾਰਤੀ ਬਣੇ
ਨਵੀ ਦਿੱਲੀ, 15 ਅਕਤੂਬਰ, 2025 (ਵਿਸ਼ਵ ਵਾਰਤਾ): ਹੁੰਡਈ (Hyundai ) ਮੋਟਰ ਇੰਡੀਆ ਲਿਮਟਿਡ (HMIL) ਨੇ ਤਰੁਣ ਗਰਗ ਨੂੰ ਕੰਪਨੀ ਦਾ ਨਵਾਂ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (MD ਅਤੇ CEO) ਨਿਯੁਕਤ ਕੀਤਾ ਹੈ। ਉਹ ਉਨਸੂ ਕਿਮ ਦੀ ਥਾਂ ਲੈਣਗੇ। ਗਰਗ ਕੰਪਨੀ ਦੀ ਅਗਵਾਈ ਕਰਨ ਵਾਲੇ ਪਹਿਲੇ ਭਾਰਤੀ ਹੋਣਗੇ। ਕੰਪਨੀ ਨੇ ਭਾਰਤ ਵਿੱਚ ਆਪਣਾ ਕੰਮ 1996 ਵਿੱਚ ਸ਼ੁਰੂ ਕੀਤਾ ਸੀ।
ਕੰਪਨੀ ਨੇ ਬੁੱਧਵਾਰ ਨੂੰ ਕਿਹਾ ਕਿ ਕੰਪਨੀ ਦੇ ਮੌਜੂਦਾ ਮੁੱਖ ਸੰਚਾਲਨ ਅਧਿਕਾਰੀ (COO) ਤਰੁਣ ਗਰਗ 1 ਜਨਵਰੀ, 2026 ਤੋਂ ਪ੍ਰਬੰਧ ਨਿਰਦੇਸ਼ਕ ਅਤੇ ਸੀਈਓ ਵਜੋਂ ਆਪਣਾ ਕਾਰਜਭਾਰ ਸੰਭਾਲਣਗੇ।ਮੌਜੂਦਾ ਐਮਡੀ ਉਨਸੂ ਕਿਮ ਇਸ ਸਾਲ 31 ਦਸੰਬਰ ਨੂੰ ਆਪਣੀ ਭੂਮਿਕਾ ਤੋਂ ਅਸਤੀਫਾ ਦੇਣਗੇ ਅਤੇ ਦੱਖਣੀ ਕੋਰੀਆ ਵਾਪਸ ਚਲੇ ਜਾਣਗੇ, ਜਿੱਥੇ ਉਹ ਹੁੰਡਈ ਮੋਟਰ ਕੰਪਨੀ ਵਿੱਚ ਇੱਕ ਰਣਨੀਤਕ ਭੂਮਿਕਾ ਨਿਭਾਉਣਗੇ। ਆਪਣੇ ਬਿਆਨ ਵਿੱਚ HMIL ਨੇ ਕਿਮ ਦੇ ਯੋਗਦਾਨ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੰਪਨੀ ਨੇ ਕਈ ਮਹੱਤਵਪੂਰਨ ਮੀਲ ਪੱਥਰ ਪ੍ਰਾਪਤ ਕੀਤੇ।
ਦੱਸ ਦਈਏ ਕਿ ਤਰੁਣ ਗਰਗ ਕੋਲ ਆਟੋਮੋਬਾਈਲ ਉਦਯੋਗ ਵਿੱਚ 30 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਨ੍ਹਾਂ ਕੋਲ ਦਿੱਲੀ ਟੈਕਨੋਲੋਜੀਕਲ ਯੂਨੀਵਰਸਿਟੀ ਤੋਂ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਅਤੇ ਆਈਆਈਐਮ ਲਖਨਊ ਤੋਂ ਐਮਬੀਏ ਹੈ।
ਹੁੰਡਈ ਤੋਂ ਪਹਿਲਾਂ ਉਨ੍ਹਾਂ ਨੇ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਨਾਲ ਲੰਮਾ ਸਮਾਂ ਕੰਮ ਕੀਤਾ, ਜਿੱਥੇ ਉਹ ਮੈਨੇਜਮੈਂਟ ਟ੍ਰੇਨੀ ਤੋਂ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ, ਲੌਜਿਸਟਿਕਸ, ਪਾਰਟਸ ਅਤੇ ਐਕਸੈਸਰੀਜ਼) ਤੱਕ ਦੇ ਅਹਿਮ ਅਹੁਦਿਆਂ ‘ਤੇ ਪੁੱਜੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























