Big Breaking : ਸੋਨਮ ਵਾਂਗਚੁਕ ਗ੍ਰਿਫ਼ਤਾਰ
– ਲੇਹ ‘ਚ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ
ਨਵੀਂ ਦਿੱਲੀ, 26 ਸਤੰਬਰ 2025 (ਵਿਸ਼ਵ ਵਾਰਤਾ) – ਲੱਦਾਖ ਦੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੂੰ ਅੱਜ ਰਾਸ਼ਟਰੀ ਸੁਰੱਖਿਆ ਐਕਟ (NSA) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਵਾਂਗਚੁਕ ‘ਤੇ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਰਾਜ ਦਾ ਦਰਜਾ ਦੇਣ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਭੜਕਾਉਣ ਦਾ ਦੋਸ਼ ਹੈ। ਸੋਨਮ ਵਾਂਗਚੁਕ ਨੂੰ ਡੀਜੀਪੀ ਐਸਡੀ ਸਿੰਘ ਜਾਮਵਾਲ ਦੀ ਅਗਵਾਈ ਵਾਲੀ ਲੱਦਾਖ ਪੁਲਿਸ ਦੀ ਇੱਕ ਟੀਮ ਨੇ ਗ੍ਰਿਫ਼ਤਾਰ ਕੀਤਾ। ਵਾਂਗਚੁਕ ਦੀ ਗ੍ਰਿਫ਼ਤਾਰੀ ਤੋਂ ਬਾਅਦ, ਸਾਵਧਾਨੀ ਦੇ ਤੌਰ ‘ਤੇ ਲੇਹ ਵਿੱਚ ਮੋਬਾਈਲ ਇੰਟਰਨੈੱਟ ਬੰਦ ਕਰ ਦਿੱਤਾ ਗਿਆ।
ਦੱਸ ਦਈਏ ਕਿ 24 ਸਤੰਬਰ ਨੂੰ ਲੇਹ ‘ਚ ਹੋਈ ਹਿੰਸਾ ਤੋਂ ਬਾਅਦ ਲਗਾਤਾਰ ਤੀਜੇ ਦਿਨ ਕਰਫਿਊ ਲਾਗੂ ਹੈ। ਸਕੂਲ ਅਤੇ ਕਾਲਜ ਸ਼ਨੀਵਾਰ ਤੱਕ ਬੰਦ ਹਨ। 24 ਸਤੰਬਰ ਨੂੰ ਲੇਹ ਵਿੱਚ ਇੱਕ ਹਿੰਸਕ ਝੜਪ ਹੋਈ। ਜਿਸ ‘ਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ। 80 ਹੋਰ ਜ਼ਖਮੀ ਹੋਏ, ਜਿਨ੍ਹਾਂ ਵਿੱਚ 40 ਪੁਲਿਸ ਅਧਿਕਾਰੀ ਵੀ ਸ਼ਾਮਲ ਸਨ। ਹੁਣ ਤੱਕ 50 ਸ਼ੱਕੀਆਂ ਨੂੰ ਹਿਰਾਸਤ ਚ ਲਿਆ ਗਿਆ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਨੇ 24 ਸਤੰਬਰ ਦੀ ਰਾਤ ਨੂੰ ਇੱਕ ਬਿਆਨ ‘ਚ ਦੋਸ਼ ਲਗਾਇਆ ਸੀ ਕਿ ਕਾਰਕੁਨ ਸੋਨਮ ਵਾਂਗਚੁਕ ਅਤੇ ਕੁਝ “ਰਾਜਨੀਤਿਕ ਤੌਰ ‘ਤੇ ਪ੍ਰੇਰਿਤ” ਵਿਅਕਤੀ, ਜੋ ਸਰਕਾਰ ਅਤੇ ਲੱਦਾਖੀ ਸਮੂਹਾਂ ਦੇ ਪ੍ਰਤੀਨਿਧੀਆਂ ਵਿਚਕਾਰ ਗੱਲਬਾਤ ਵਿੱਚ ਹੋਈ ਪ੍ਰਗਤੀ ਤੋਂ ਨਾਖੁਸ਼ ਸਨ, ਉਨ੍ਹਾਂ ਦੇ ‘ਭੜਕਾਉ ਬਿਆਨਾਂ’ ਕਾਰਨ ਭੀੜ ਹਿੰਸਕ ਹੋ ਗਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























