Amritsar : ਕਿਡਨੀ ਦੀ ਗੰਭੀਰ ਬਿਮਾਰੀ ਨਾਲ ਜੂਝ ਰਹੇ 8 ਸਾਲਾਂ ਅਭੀਜੋਤ ਸਿੰਘ ਦੀ ਮੌਤ
– ਅਦਾਕਾਰ ਸੋਨੂੰ ਸੂਦ ਨੇ ਜਤਾਇਆ ਦੁੱਖ, ਸਾਂਝੀ ਕੀਤੀ ਭਾਵੁਕ ਪੋਸਟ
ਅੰਮ੍ਰਿਤਸਰ, 25 ਸਤੰਬਰ 2025 (ਵਿਸ਼ਵ ਵਾਰਤਾ) – ਗੁਰਦੇ ਦੀ ਗੰਭੀਰ ਬਿਮਾਰੀ ਨਾਲ ਪੀੜਤ ਅੰਮ੍ਰਿਤਸਰ ਦੇ ਪਿੰਡ ਤਲਵੰਡੀ ਦਾ 8 ਸਾਲਾਂ ਬੱਚਾ ਅਭੀਜੋਤ ਸਿੰਘ ਜ਼ਿੰਦਗੀ ਦੀ ਜੰਗ ਹਾਰ ਗਿਆ ਹੈ। ਅਭੀਜੋਤ ਸਿੰਘ ਦੀ ਪੀਜੀਆਈ ਚੰਡੀਗੜ੍ਹ ਵਿੱਚ ਜ਼ੇਰੇ ਇਲਾਜ ਸੀ। ਡਾਕਟਰਾਂ ਦੀ ਟੀਮ ਨੇ ਉਸ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰ ਅਭੀਜੋਤ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ।
ਦੱਸ ਦਈਏ ਕਿ ਅਭੀਜੋਤ ਦੇ ਦੋਵੇਂ ਗੁਰਦੇ ਖਰਾਬ ਹੋ ਗਏ ਸਨ ਉਸਦਾ ਇਲਾਜ ਪੀਜੀਆਈ ਚੰਡੀਗੜ੍ਹ ਵਿਖੇ ਚਲ ਰਿਹਾ ਸੀ। ਪਿਛਲੇ ਦਿਨੀ ਆਏ ਹੜ੍ਹਾਂ ਕਾਰਨ ਸਥਿਤੀ ਹੋਰ ਵੀ ਭਿਆਨਕ ਹੋ ਗਈ ਅਭਿਜੋਤ ਦੇ ਪਰਿਵਾਰ ਦੀ ਆਮਦਨ ਦਾ ਸਾਧਨ, ਖੇਤ ਪੂਰੀ ਤਰ੍ਹਾਂ ਡੁੱਬ ਗਏ ਅਤੇ ਫਸਲਾਂ ਤਬਾਹ ਹੋ ਗਈਆਂ।
ਇਸ ਔਖੀ ਘੜੀ ‘ਚ ਪੰਜਾਬ ਸਰਕਾਰ ਵੱਲੋਂ ਅਭੀਜੋਤ ਦੇ ਇਲਾਜ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਗਿਆ ਸੀ। ਅਭਿਜੋਤ ਦੇ ਇਲਾਜ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਚੁੱਕ ਰਹੀ ਸੀ। ਇਸ ਤੋਂ ਇਲਾਵਾ ਅਭੀਜੋਤ ਨਾਲ ਫਿਲਮ ਅਦਾਕਾਰ ਸੋਨੂੰ ਸੂਦ ਨੇ ਵੀ ਮੁਲਾਕਾਤ ਕੀਤੀ ਸੀ ਤੇ ਮਦਦ ਕਰਨ ਦਾ ਵਾਅਦਾ ਕੀਤਾ ਸੀ। ਅਭਿਜੋਤ ਸਿੰਘ ਦੀ ਮੌਤ ‘ਤੇ ਸੋਨੂੰ ਸੂਦ ਨੇ ਡੂੰਘਾ ਦੁੱਖ ਪ੍ਰਗਟਾਇਆ ਹੈ। ਸੋਨੂੰ ਸੂਦ ਨੇ ਸੋਸ਼ਲ ਮੀਡੀਆ ਪੋਸਟ ‘ਚ ਲਿਖਿਆ, “ਜਿਸ ਦਿਨ ਤੋਂ ਮੈਂ ਤੈਨੂੰ ਮਿਲਿਆ, ਤੂੰ ਮੈਨੂੰ ਆਪਣੀ ਤਾਕਤ ਨਾਲ ਪ੍ਰੇਰਿਤ ਕੀਤਾ। ਅੱਜ ਮੈਂ ਅਲਵਿਦਾ ਕਹਿੰਦਾ ਹਾਂ, ਅਭੀਜੋਤ ਤੁਹਾਡੀ ਬਹੁਤ ਯਾਦ ਆਵੇਗੀ। ਮੈਂ ਤੁਹਾਡੇ ਮਾਤਾ-ਪਿਤਾ ਦਾ ਧਿਆਨ ਰੱਖਾਂਗਾ।”























