Spicejet ਜਹਾਜ਼ ਦੀ ਮੁੰਬਈ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ; ਦਹਿਸ਼ਤ ‘ਚ ਯਾਤਰੀ
– ਉਡਾਣ ਭਰਦੇ ਹੀ ਜਹਾਜ਼ ਦਾ ਪਹੀਆ ਹੋਇਆ ਵੱਖ
ਮੁੰਬਈ, 12 ਸਤੰਬਰ 2025 (ਵਿਸ਼ਵ ਵਾਰਤਾ): ਮੁੰਬਈ ਹਵਾਈ ਅੱਡੇ ਤੋਂ ਇਸ ਵੇਲੇ ਵੱਡੀ ਖ਼ਬਰ ਸਾਹਮਣੇ ਆਈ ਹੈ। 12 ਸਤੰਬਰ ਨੂੰ ਇੱਥੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ । ਗੁਜਰਾਤ ਦੇ ਕਾਂਡਲਾ ਤੋਂ ਮੁੰਬਈ ਜਾ ਰਹੇ ਸਪਾਈਸਜੈੱਟ ਦੇ ਜਹਾਜ਼ ਨੇ ਜਿਵੇਂ ਹੀ ਉਡਾਣ ਭਰੀ, ਇਸਦਾ ਇੱਕ ਪਹੀਆ ਟੁੱਟ ਗਿਆ ਅਤੇ ਜ਼ਮੀਨ ‘ਤੇ ਡਿੱਗ ਗਿਆ। ਇਸ ਫਲਾਈਟ ਵਿੱਚ 75 ਲੋਕ ਸਵਾਰ ਸਨ। ਹਾਲਾਂਕਿ, ਖੁਸ਼ਕਿਸਮਤੀ ਨਾਲ ਜਹਾਜ਼ ਨੂੰ ਸੁਰੱਖਿਅਤ ਉਤਰ ਲਿਆ ਗਿਆ।
ਸਪਾਈਸਜੈੱਟ ਦੇ Q400 ਜਹਾਜ਼ ਨੇ ਸ਼ੁੱਕਰਵਾਰ ਨੂੰ, ਕਾਂਡਲਾ ਤੋਂ ਮੁੰਬਈ ਲਈ ਇੱਕ ਉਡਾਣ ਭਰੀ ਸੀ। ਜਿਸ ਤੋਂ ਬਾਅਦ ਇਹ ਦੇਖਿਆ ਗਿਆ ਕਿ ਜਹਾਜ਼ ਦਾ ਇੱਕ ਬਾਹਰੀ ਪਹੀਆ ਰਨਵੇਅ ‘ਤੇ ਮਿਲਿਆ। ਕਾਂਡਲਾ ਏਟੀਸੀ ਨੇ ਪਹੀਏ ਦੇ ਡਿੱਗਣ ਬਾਰੇ ਸੂਚਿਤ ਕੀਤਾ, ਜਿਸ ਤੋਂ ਬਾਅਦ ਮੁੰਬਈ ਹਵਾਈ ਅੱਡੇ ‘ਤੇ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ। ਜਹਾਜ਼ ਸ਼ਾਮ ਚਾਰ ਵਜੇ ਦੇ ਕਰੀਬ ਮੁੰਬਈ ਵਿੱਚ ਸੁਰੱਖਿਅਤ ਉਤਰਿਆ ਗਿਆ।
ਸਪਾਈਸਜੈੱਟ ਦੇ ਬੁਲਾਰੇ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ, “12 ਸਤੰਬਰ ਨੂੰ, ਕਾਂਡਲਾ ਤੋਂ ਮੁੰਬਈ ਜਾ ਰਹੇ ਸਪਾਈਸਜੈੱਟ Q400 ਜਹਾਜ਼ ਦਾ ਇੱਕ ਬਾਹਰੀ ਪਹੀਆ ਉਡਾਣ ਭਰਨ ਤੋਂ ਬਾਅਦ ਰਨਵੇਅ ‘ਤੇ ਮਿਲਿਆ।”ਉਨ੍ਹਾਂ ਅੱਗੇ ਕਿਹਾ, “ਜਹਾਜ਼ ਨੇ ਮੁੰਬਈ ਲਈ ਆਪਣੀ ਯਾਤਰਾ ਜਾਰੀ ਰੱਖੀ ਅਤੇ ਸੁਰੱਖਿਅਤ ਉਤਰ ਗਿਆ। ਇੱਕ ਸੁਰੱਖਿਅਤ ਲੈਂਡਿੰਗ ਤੋਂ ਬਾਅਦ, ਜਹਾਜ਼ ਟਰਮੀਨਲ ‘ਤੇ ਪਹੁੰਚ ਗਿਆ ਅਤੇ ਸਾਰੇ ਯਾਤਰੀ ਆਮ ਵਾਂਗ ਉਤਰ ਗਏ।”























