Mexico ਸਿਟੀ ‘ਚ ਵੱਡਾ ਹਾਦਸਾ; ਗੈਸ ਟੈਂਕਰ ‘ਚ ਜ਼ਬਰਦਸਤ ਧਮਾਕਾ
– 57 ਲੋਕ ਝੁਲਸੇ; ਕਈ ਵਾਹਨ ਵੀ ਸੜ ਕੇ ਸੁਆਹ
ਮੈਕਸੀਕੋ, 11 ਸਤੰਬਰ (ਵਿਸ਼ਵ ਵਾਰਤਾ): ਮੈਕਸੀਕੋ ਸਿਟੀ ਦੀਆਂ ਸੜਕਾਂ ਤੇ ਉਸ ਸਮੇਂ ਚੀਕ ਚਿਹਾੜਾ ਪੈ ਗਿਆ ਜਦ ਇੱਕ ਗੈਸ ਟੈਂਕਰ ਟਰੱਕ ਪਲਟ ਗਿਆ ਅਤੇ ਇੱਕ ਵੱਡਾ ਧਮਾਕਾ ਹੋਇਆ। ਇਸ ਹਾਦਸੇ ਵਿੱਚ 57 ਲੋਕ ਝੁਲਸ ਗਏ, ਜਿਨ੍ਹਾਂ ਵਿੱਚੋਂ 19 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਧਮਾਕਾ ਇੰਨਾ ਭਿਆਨਕ ਸੀ ਕਿ ਨੇੜਲੇ 18 ਵਾਹਨ ਸੜ ਕੇ ਸੁਆਹ ਹੋ ਗਏ ਅਤੇ ਇਲਾਕਾ ਧੂੰਏਂ ਅਤੇ ਅੱਗ ਦੀ ਲਪੇਟ ਵਿੱਚ ਆ ਗਿਆ।
ਜ਼ਖਮੀ ਲੋਕਾਂ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਵਿੱਚ ਅੱਗ ਦਾ ਇੱਕ ਵੱਡਾ ਬੱਦਲ ਉੱਠਦਾ ਦੇਖਿਆ ਜਾ ਸਕਦਾ ਹੈ ਅਤੇ ਲੋਕਾਂ ਨੂੰ ਚੀਕਦੇ ਅਤੇ ਭੱਜਦੇ ਦੇਖਿਆ ਜਾ ਸਕਦਾ ਹੈ। ਹਾਦਸੇ ਤੋਂ ਬਾਅਦ ਦਾ ਦ੍ਰਿਸ਼ ਬਹੁਤ ਦਰਦਨਾਕ ਸੀ। ਲੋਕ ਸੜਕਾਂ ‘ਤੇ ਮਦਦ ਲਈ ਬੇਨਤੀ ਕਰ ਰਹੇ ਸਨ। ਮੈਕਸੀਕੋ ਸਿਟੀ ਦੀ ਮੇਅਰ ਕਲਾਰਾ ਬਰੂਗਾਡਾ ਸਥਿਤੀ ਦਾ ਜਾਇਜ਼ਾ ਲੈਣ ਲਈ ਘਟਨਾ ਸਥਾਨ ‘ਤੇ ਪਹੁੰਚੀ ਅਤੇ ਇਸ ਘਟਨਾ ਨੂੰ “ਐਮਰਜੈਂਸੀ” ਘੋਸ਼ਿਤ ਕੀਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਅੱਗ ਬੁਝਾਊ ਦਸਤੇ ਅਤੇ ਮੈਡੀਕਲ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਤੁਰੰਤ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਸਰਕਾਰੀ ਸਕੱਤਰ ਸੀਜ਼ਰ ਕ੍ਰਾਵੀਓਟੋ ਨੇ ਕਿਹਾ ਕਿ ਅੱਗ ‘ਤੇ ਹੁਣ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ। ਫਿਲਹਾਲ ਧਮਾਕੇ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























