Air India : ਸਿੰਗਾਪੁਰ ਜਾ ਰਹੀ ਏਅਰ ਇੰਡੀਆ ਦੀ ਫਲਾਈਟ ‘ਚ ਅਚਾਨਕ ਆਈ ਖਰਾਬੀ
– ਦਿੱਲੀ ਹਵਾਈ ਅੱਡੇ ‘ਤੇ ਉਤਾਰੇ 200 ਤੋਂ ਵੱਧ ਯਾਤਰੀ
ਨਵੀ ਦਿੱਲੀ, 11 ਸਤੰਬਰ 2025 (ਵਿਸ਼ਵ ਵਾਰਤਾ): ਏਅਰ ਇੰਡੀਆ (Air India) ਦੀ ਸਿੰਗਾਪੁਰ ਜਾਣ ਵਾਲੀ ਉਡਾਣ ਵਿੱਚ ਬੁੱਧਵਾਰ ਰਾਤ ਨੂੰ ਦਿੱਲੀ ਵਿੱਚ ਇੱਕ ਸਮੱਸਿਆ ਆ ਗਈ। ਇਸ ਕਾਰਨ, ਲਗਭਗ ਦੋ ਘੰਟੇ ਤੱਕ ਫਲਾਈਟ ਵਿੱਚ ਬੈਠੇ ਰਹਿਣ ਤੋਂ ਬਾਅਦ 200 ਤੋਂ ਵੱਧ ਯਾਤਰੀਆਂ ਨੂੰ ਦਿੱਲੀ ਹਵਾਈ ਅੱਡੇ ‘ਤੇ ਜਹਾਜ਼ ਤੋਂ ਉਤਾਰ ਦਿੱਤਾ ਗਿਆ।
ਇਹ ਉਡਾਣ ਬੁੱਧਵਾਰ ਰਾਤ 11 ਵਜੇ ਦਿੱਲੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀ ਸੀ। ਜਹਾਜ਼ ਵਿੱਚ ਸਵਾਰ ਇੱਕ ਪੱਤਰਕਾਰ ਦੇ ਅਨੁਸਾਰ, ਏਅਰ ਕੰਡੀਸ਼ਨਿੰਗ ਸਿਸਟਮ ਅਤੇ ਬਿਜਲੀ ਸਪਲਾਈ ਸਿਸਟਮ ਵਿੱਚ ਖਰਾਬੀ ਕਾਰਨ ਲਗਭਗ ਦੋ ਘੰਟੇ ਜਹਾਜ਼ ਵਿੱਚ ਬੈਠਣ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ।
ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਯਾਤਰੀ ਫਲਾਈਟ ਦੇ ਅੰਦਰ ਅਖ਼ਬਾਰਾਂ ਅਤੇ ਰਸਾਲਿਆਂ ਆਦਿ ਨਾਲ ਹਵਾ ਝੱਲ ਕੇ ਗਰਮੀ ਤੋਂ ਰਾਹਤ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਤੋਂ ਬਾਅਦ ਚਾਲਕ ਦਲ ਦੇ ਮੈਂਬਰਾਂ ਨੇ ਸਾਰੇ ਯਾਤਰੀਆਂ ਨੂੰ ਬਿਨਾਂ ਕੋਈ ਕਾਰਨ ਦੱਸੇ ਫਲਾਈਟ ਤੋਂ ਉਤਰਨ ਲਈ ਕਿਹਾ। ਇਸ ਸਮੱਸਿਆ ਤੋਂ ਬਾਅਦ, ਯਾਤਰੀਆਂ ਨੂੰ ਕਿਸੇ ਹੋਰ ਜਹਾਜ਼ ਚ ਬਿਠਾਇਆ ਗਿਆ ਅਤੇ ਵੀਰਵਾਰ ਸਵੇਰੇ 5.36 ਵਜੇ ਲਗਭਗ ਛੇ ਘੰਟੇ ਦੀ ਦੇਰੀ ਨਾਲ ਜਹਾਜ਼ ਨੇ ਉਡਾਣ ਭਰੀ।
ਏਅਰ ਇੰਡੀਆ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਦਿੱਲੀ ਤੋਂ ਸਿੰਗਾਪੁਰ ਜਾਣ ਵਾਲੀ ਉਡਾਣ AI2380 ਨੂੰ ਰਵਾਨਗੀ ਤੋਂ ਪਹਿਲਾਂ ਕੈਬਿਨ ਕੂਲਿੰਗ ਸਮੱਸਿਆ ਕਾਰਨ ਦੇਰੀ ਹੋਈ। ਏਅਰਲਾਈਨ ਨੇ ਕਿਹਾ, “ਯਾਤਰੀਆਂ ਨੂੰ ਦੇਰੀ ਬਾਰੇ ਨਿਯਮਿਤ ਤੌਰ ‘ਤੇ ਸੂਚਿਤ ਕੀਤਾ ਜਾਂਦਾ ਰਿਹਾ ਅਤੇ ਦਿੱਲੀ ਵਿੱਚ ਸਾਡੇ ਸਟਾਫ ਨੇ ਹਵਾਈ ਅੱਡੇ ‘ਤੇ ਯਾਤਰੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ, ਜਿਸ ਵਿੱਚ ਰਿਫਰੈਸ਼ਮੈਂਟ ਅਤੇ ਖਾਣਾ ਵੀ ਸ਼ਾਮਲ ਸੀ।” ਜਹਾਜ਼ ਬਦਲਣ ਤੋਂ ਬਾਅਦ, ਉਡਾਣ ਭਾਰਤੀ ਸਮੇਂ ਅਨੁਸਾਰ ਸਵੇਰੇ 05:36 ਵਜੇ ਰਵਾਨਾ ਹੋਈ। ਏਅਰਲਾਈਨ ਨੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫੀ ਵੀ ਮੰਗੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















