Vice President Election : ਉਪ ਰਾਸ਼ਟਰਪਤੀ ਚੋਣ ਲਈ ਵੋਟਿੰਗ ਖਤਮ; ਵੋਟਾਂ ਦੀ ਗਿਣਤੀ ਸ਼ੁਰੂ
ਨਵੀ ਦਿੱਲੀ, 9 ਸਤੰਬਰ (ਵਿਸ਼ਵ ਵਾਰਤਾ)- ਉਪ ਰਾਸ਼ਟਰਪਤੀ ਲਈ ਵੋਟਿੰਗ ਖਤਮ ਹੋ ਚੁੱਕੀ ਹੈ। ਸੰਸਦ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਹੋਈ। ਚੋਣ ਵਿੱਚ ਕੁੱਲ 781 ਸੰਸਦ ਮੈਂਬਰਾਂ ਨੇ ਵੋਟਾਂ ਪਾਈਆਂ। ਵੋਟਾਂ ਦੀ ਗਿਣਤੀ ਸ਼ਾਮ 6 ਵਜੇ ਤੋਂ ਸ਼ੁਰੂ ਹੋ ਗਈ ਹੈ। ਨਤੀਜਾ ਰਾਤ 8 ਵਜੇ ਦੇ ਕਰੀਬ ਆ ਜਾਵੇਗਾ। ਐਨਡੀਏ ਨੇ 68 ਸਾਲਾ ਸੀਪੀ ਰਾਧਾਕ੍ਰਿਸ਼ਨਨ ਨੂੰ ਮੈਦਾਨ ਵਿੱਚ ਉਤਾਰਿਆ ਹੈ ਜਦੋਂ ਕਿ ਇੰਡੀਆ ਗਠਜੋੜ ਨੇ 79 ਸਾਲਾ ਬੀ ਸੁਦਰਸ਼ਨ ਰੈਡੀ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਦੱਸ ਦਈਏ ਕਿ ਬੀਆਰਐਸ ਅਤੇ ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਪਾਰਟੀ ਬੀਜੇਡੀ ਉਪ-ਰਾਸ਼ਟਰਪਤੀ ਚੋਣ ਤੋਂ ਦੂਰ ਰਹੀ ਹੈ। ਦੋਵਾਂ ਪਾਰਟੀਆਂ ਨੇ ਕਿਸੇ ਵੀ ਗੱਠਜੋੜ ਦਾ ਸਮਰਥਨ ਨਹੀਂ ਕੀਤਾ। ਲੋਕ ਸਭਾ ਅਤੇ ਰਾਜ ਸਭਾ ਦੇ ਕੁੱਲ 781 ਸੰਸਦ ਮੈਂਬਰਾਂ ਨੂੰ ਚੋਣ ਵਿੱਚ ਵੋਟ ਪਾਉਣ ਦਾ ਅਧਿਕਾਰ ਸੀ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਏਕਤਾ ਦਿਖਾਈ ਹੈ ਅਤੇ ਉਨ੍ਹਾਂ ਦੇ ਸਾਰੇ 315 ਸੰਸਦ ਮੈਂਬਰਾਂ ਨੇ ਵੋਟ ਪਾਈ। ਉਨ੍ਹਾਂ ਕਿਹਾ, ਇਹ 100 ਪ੍ਰਤੀਸ਼ਤ ਹਾਜ਼ਰੀ ਹੈ, ਜੋ ਪਹਿਲਾਂ ਕਦੇ ਨਹੀਂ ਹੋਈ।
ਜਗਦੀਪ ਧਨਖੜ ਨੇ 21 ਜੁਲਾਈ ਨੂੰ ਸਿਹਤ ਖਰਾਬ ਹੋਣ ਦਾ ਹਵਾਲਾ ਦਿੰਦੇ ਹੋਏ ਅਚਾਨਕ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਉਪ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋ ਗਿਆ ਸੀ। ਧਨਖੜ ਦਾ ਕਾਰਜਕਾਲ 10 ਅਗਸਤ, 2027 ਤੱਕ ਸੀ। ਮੰਨਿਆ ਜਾ ਰਿਹਾ ਹੈ ਕਿ ਉਪ-ਰਾਸ਼ਟਰਪਤੀ ਚੋਣ ਵਿੱਚ ਕੋਈ ਹੈਰਾਨੀਜਨਕ ਨਤੀਜੇ ਆਉਣ ਦੀ ਉਮੀਦ ਨਹੀਂ ਹੈ, ਐਨਡੀਏ ਦੇ ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਦੇ ਜਿੱਤਣ ਦੀ ਪੂਰੀ ਸੰਭਾਵਨਾ ਹੈ।























