RBI ਦੇ ਸਾਬਕਾ ਗਵਰਨਰ ਉਰਜਿਤ ਪਟੇਲ ਨੂੰ ਮਿਲੀ ਨਵੀਂ ਜ਼ਿੰਮੇਵਾਰੀ; ਪੜ੍ਹੋ Detail
ਨਵੀ ਦਿੱਲੀ, 29 ਅਗਸਤ 2025 (ਵਿਸ਼ਵ ਵਾਰਤਾ): ਆਰਬੀਆਈ (RBI) ਦੇ ਸਾਬਕਾ ਗਵਰਨਰ ਉਰਜਿਤ ਪਟੇਲ ਨੂੰ ਇੱਕ ਨਵੀਂ ਜ਼ਿੰਮੇਵਾਰੀ ਮਿਲੀ ਹੈ। ਉਨ੍ਹਾਂ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ (IMF) ਦਾ ਕਾਰਜਕਾਰੀ ਨਿਰਦੇਸ਼ਕ ਬਣਾਇਆ ਗਿਆ ਹੈ। ਉਨ੍ਹਾਂ ਨੂੰ ਇਸ ਅਹੁਦੇ ‘ਤੇ ਤਿੰਨ ਸਾਲਾਂ ਲਈ ਨਿਯੁਕਤ ਕੀਤਾ ਗਿਆ ਹੈ।
ਕਾਰਜਕਾਰੀ ਨਿਰਦੇਸ਼ਕ IMF ਦੇ ਰੋਜ਼ਾਨਾ ਦੇ ਕੰਮਾਂ ਦੀ ਨਿਗਰਾਨੀ ਕਰਦੇ ਹਨ। ਉਹ IMF ਦੇ ਬੋਰਡ ਦਾ ਹਿੱਸਾ ਹੁੰਦੇ ਹਨ, ਜੋ ਸੰਗਠਨ ਦੀਆਂ ਨੀਤੀਆਂ ਅਤੇ ਫੈਸਲਿਆਂ ਨੂੰ ਲਾਗੂ ਕਰਦਾ ਹੈ।ਪਟੇਲ ਭਾਰਤ ਅਤੇ ਕੁਝ ਹੋਰ ਦੇਸ਼ਾਂ (ਜੋ ਉਨ੍ਹਾਂ ਦੇ ਸਮੂਹ ਦਾ ਹਿੱਸਾ ਹਨ) ਦੀ ਨੁਮਾਇੰਦਗੀ ਕਰਨਗੇ। ਉਹ ਇਨ੍ਹਾਂ ਦੇਸ਼ਾਂ ਦੀਆਂ ਆਰਥਿਕ ਨੀਤੀਆਂ ਅਤੇ ਹਿੱਤਾਂ ਨੂੰ ਬੋਰਡ ‘ਤੇ ਰੱਖਣਗੇ।ਉਹ ਮੈਂਬਰ ਦੇਸ਼ਾਂ ਦੀਆਂ ਆਰਥਿਕ ਨੀਤੀਆਂ ਦਾ ਵਿਸ਼ਲੇਸ਼ਣ ਵੀ ਕਰਨਗੇ ਅਤੇ ਵਿਸ਼ਵਵਿਆਪੀ, ਖੇਤਰੀ ਅਤੇ ਰਾਸ਼ਟਰੀ ਪੱਧਰ ‘ਤੇ ਆਰਥਿਕ ਪ੍ਰਭਾਵ ‘ਤੇ ਚਰਚਾ ਕਰਨਗੇ।
ਦੱਸ ਦਈਏ ਕਿ ਉਰਜਿਤ ਪਟੇਲ 2016 ਵਿੱਚ ਰਘੂਰਾਮ ਰਾਜਨ ਦੀ ਥਾਂ ‘ਤੇ ਆਰਬੀਆਈ ਦੇ 24ਵੇਂ ਗਵਰਨਰ ਬਣੇ ਸਨ। ਪਰ ਉਨ੍ਹਾਂ ਨੇ ਨਿੱਜੀ ਕਾਰਨਾਂ ਕਰਕੇ 2018 ਵਿੱਚ ਅਸਤੀਫਾ ਦੇ ਦਿੱਤਾ। ਪਟੇਲ ਨੂੰ ਜਨਵਰੀ 2022 ਵਿੱਚ ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ ਦਾ ਵਾਈਸ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਸੀ। ਪਟੇਲ ਨੇ ਅੰਤਰਰਾਸ਼ਟਰੀ ਮੁਦਰਾ ਫੰਡ, ਬੋਸਟਨ ਕੰਸਲਟਿੰਗ ਗਰੁੱਪ ਅਤੇ ਰਿਲਾਇੰਸ ਇੰਡਸਟਰੀਜ਼ ਨਾਲ ਵੀ ਕੰਮ ਕੀਤਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























