Punjab: ਪਾਣੀ ਬਣਿਆ ਆਫ਼ਤ! ਮਾਧੋਪੁਰ ਹੈੱਡਵਰਕਸ ਦਾ ਫਲੱਡ ਗੇਟ ਟੁੱਟਿਆ
-ਕਈ ਲੋਕ ਫਸੇ, 1 ਲਾਪਤਾ
ਚੰਡੀਗੜ੍ਹ, 27 ਅਗਸਤ 2025 (ਵਿਸ਼ਵ ਵਾਰਤਾ): ਪਠਾਨਕੋਟ (Punjab) ਜ਼ਿਲ੍ਹੇ ਦੇ ਮਾਧੋਪੁਰ ਹੈੱਡਵਰਕਸ ਦਾ ਫਲੱਡ ਗੇਟ ਟੁੱਟ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੇਟ ਟੁੱਟਣ ਕਾਰਨ ਇੱਕ ਕਰਮਚਾਰੀ ਪਾਣੀ ਵਿੱਚ ਵਹਿ ਗਿਆ। ਗੇਟ ਟੁੱਟਣ ਕਾਰਨ ਰਾਵੀ ਨਦੀ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।

ਜਾਣਕਾਰੀ ਅਨੁਸਾਰ ਕੁਝ ਲੋਕ ਵੀ ਫਸੇ ਹੋਏ ਹਨ, ਜਿਨ੍ਹਾਂ ਦੇ ਬਚਾਅ ਲਈ ਹਵਾਈ ਸੈਨਾ ਦੀ ਮਦਦ ਵੀ ਲਈ ਜਾਵੇਗੀ। ਇਸ ਸਬੰਧੀ ਡਿਪਟੀ ਕਮਿਸ਼ਨਰ ਪਠਾਨਕੋਟ ਆਦਿਤਿਆ ਉੱਪਲ ਨੇ ਕਿਹਾ ਕਿ ਮਾਧੋਪੁਰ ਹੈੱਡ ਵਰਕਸ ਦਾ ਇੱਕ ਗੇਟ ਟੁੱਟਣ ਕਾਰਨ ਪਾਣੀ ਸਿੱਧਾ ਰਾਵੀ ਨਦੀ ਵਿੱਚ ਜਾ ਰਿਹਾ ਹੈ। ਲਗਭਗ 50 ਲੋਕ ਪਾਣੀ ਵਿੱਚ ਫਸੇ ਹੋਏ ਹਨ, ਜਿਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਬਚਾਇਆ ਜਾ ਰਿਹਾ ਹੈ।

ਫਲੱਡ ਗੇਟ ਟੁੱਟਣ ਕਾਰਨ ਰਾਵੀ ਦਰਿਆ ਦੇ ਕੰਢੇ ਵਸੇ ਪਿੰਡ ਜ਼ਿਆਦਾ ਪ੍ਰਭਾਵਿਤ ਹੋਣਗੇ। ਹਾਲਾਂਕਿ ਡੀਸੀ ਪਠਾਨਕੋਟ ਨੇ ਕੁਝ ਸਮਾਂ ਪਹਿਲਾਂ ਹੀ ਮਾਧੋਪੁਰ ਦਾ ਦੌਰਾ ਕੀਤਾ ਸੀ ਅਤੇ ਸਥਿਤੀ ਕਾਬੂ ਹੇਠ ਦੱਸੀ ਗਈ ਸੀ, ਪਰ ਕੁਝ ਸਮੇਂ ਬਾਅਦ, ਤਿੰਨ ਤੋਂ ਚਾਰ ਫਲੱਡ ਗੇਟ ਟੁੱਟਣ ਕਾਰਨ ਸਥਿਤੀ ਸਪੱਸ਼ਟ ਤੌਰ ‘ਤੇ ਗੰਭੀਰ ਹੁੰਦੀ ਜਾ ਰਹੀ ਹੈ।

ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅੱਜ (ਬੁੱਧਵਾਰ ਨੂੰ) ਪਠਾਨਕੋਟ ਅਤੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਗਰਾਊਂਡ ਜ਼ੀਰੋ ‘ਤੇ ਜਾ ਕੇ ਜਾਇਜ਼ਾ ਲਿਆ। ਸਥਾਨਕ ਲੋਕਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੂੰ ਹੌਸਲਾ ਹਿੰਮਤ ਬਰਕਰਾਰ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੁਦਰਤੀ ਮਾਰ ਕਿਸੇ ਦੇ ਹੱਥ-ਵੱਸ ਨਹੀਂ ਹੁੰਦੀ, ਪਰ ਸਾਡੀ ਸਰਕਾਰ ਵੱਲੋਂ ਕਿਸੇ ਨੂੰ ਬੇਵਸ ਨਹੀਂ ਛੱਡਿਆ ਜਾਵੇਗਾ। ਸਾਡੇ ਲਈ ਇੱਕ-ਇੱਕ ਜਾਨ ਕੀਮਤੀ ਹੈ। ਪੰਜਾਬ ਸਰਕਾਰ ਦਾ ਹੈਲੀਕਾਪਟਰ ਲੋਕਾਂ ਦੀ ਮਦਦ ਲਈ ਹਰ ਵੇਲੇ ਹਾਜ਼ਰ ਹੈ। ਵਾਅਦੇ ਮੁਤਾਬਕ ਲੋਕਾਂ ਦੇ ਹਰ ਨੁਕਸਾਨ ਦੀ ਭਰਪਾਈ ਵੀ ਜ਼ਰੂਰ ਕਰਾਂਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























