Bikram Majithia : ਵਿਜੀਲੈਂਸ ਨੇ ਬਿਕਰਮ ਮਜੀਠੀਆ ਖਿਲਾਫ਼ 40 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਕੀਤੀ ਦਾਖਲ

ਚੰਡੀਗੜ੍ਹ, 22ਅਗਸਤ(ਵਿਸ਼ਵ ਵਾਰਤਾ) Bikram Majithia : ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਨਾਭਾ ਜੇਲ੍ਹ ਵਿੱਚ ਬੰਦ ਸਾਬਕਾ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਮਜੀਠੀਆ ਖਿਲਾਫ਼ ਅੱਜ ਵਿਜੀਲੈਂਸ ਬਿਊਰੋ ਨੇ ਮੋਹਾਲੀ ਅਦਾਲਤ ਵਿੱਚ ਚਾਰਜਸ਼ੀਟ ਦਾਖਲ ਕੀਤੀ ਹੈ। ਮੀਡੀਆ ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਵੱਲੋਂ ਦਾਖਲ ਚਾਰਜਸ਼ੀਟ ਲਗਭਗ 40ਹਜ਼ਾਰ ਪੰਨਿਆਂ ਦੀ ਹੈ। ਜਿਸ ਨੂੰ ਵਿਜੀਲੈਂਸ ਦੇ ਅਧਿਕਾਰੀ ਚਾਰ ਟਰੰਕਾਂ ਵਿੱਚ ਲੈ ਕੇ ਅਦਾਲਤ ਪਹੁੰਚੇ। ਹੋਰ ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਇਸ ਮਾਮਲੇ ਵਿੱਚ 200 ਤੋਂ ਵੱਧ ਗਵਾਹ ਬਣਾਏ ਹਨ ,ਜਿਨ੍ਹਾਂ ਵਿੱਚ ਅਕਾਲੀ ਅਤੇ ਭਾਜਪਾ ਆਗੂ ਵੀ ਸ਼ਾਮਲ ਹਨ ਅਤੇ ਨਾਲ ਹੀ ਇਸ ਮਾਮਲੇ ਵਿੱਚ 400 ਤੋਂ ਵੱਧ ਬੈਂਕ ਖਾਤਿਆਂ ਨੂੰ ਵੀ ਘੋਖਿਆ ਗਿਆ ਹੈ।

ਦੱਸ ਦਈਏ ਕਿ ਬਿਕਰਮ ਮਜੀਠੀਆ ਨੂੰ 25 ਜੂਨ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਸ ਸਮੇਂ ਉਹ ਨਾਭਾ ਜੇਲ੍ਹ ਵਿੱਚ ਬੰਦ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਚਲਾਨ ਦਾ ਅਧਿਐਨ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਹੀ ਕੀਤਾ ਜਾਵੇਗਾ।
ਮੀਡੀਆ ਰਿਪੋਰਟਾਂ ਅਨੁਸਾਰ ਵਿਜੀਲੈਂਸ ਨੇ ਚਾਰਜਸ਼ੀਟ ਵਿੱਚ 700 ਕਰੋੜ ਰੁਪਏ ਦੀ ਗੈਰ-ਕਾਨੂੰਨੀ ਅਤੇ ਬੇਨਾਮੀ ਜਾਇਦਾਦ ਦਾ ਖੁਲਾਸਾ ਕੀਤਾ ਹੈ। ਇਹ ਚਾਰਜਸ਼ੀਟ ਪੰਜਾਬ, ਹਰਿਆਣਾ, ਹਿਮਾਚਲ, ਯੂਪੀ ਅਤੇ ਦਿੱਲੀ ਦੇ 15 ਸਥਾਨਾਂ ਦੀ ਜਾਂਚ ਕਰਨ ਤੋਂ ਬਾਅਦ ਤਿਆਰ ਕੀਤੀ ਗਈ ਹੈ। ਚਾਰਜਸ਼ੀਟ ਵਿੱਚ ਕਈ ਅਕਾਲੀ ਅਤੇ ਭਾਜਪਾ ਆਗੂਆਂ ਦੇ ਬਿਆਨ ਵੀ ਦਰਜ ਹਨ। ਇਸ ਦੇ ਨਾਲ ਹੀ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਜੀਲੈਂਸ ਨੇ ਸਮੇਂ ਸਿਰ ਚਾਰਜਸ਼ੀਟ ਦਾਇਰ ਕੀਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























