Rapper ਬਾਦਸ਼ਾਹ ਦੇ ਕਲੱਬ ‘ਤੇ ਹਮਲੇ ਮਾਮਲੇ ‘ਚ ਪੁਲਿਸ ਦੀ ਵੱਡੀ ਕਾਰਵਾਈ
ਨਵੀ ਦਿੱਲੀ, 13 ਅਗਸਤ 2025 (ਵਿਸ਼ਵ ਵਾਰਤਾ): ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮਸ਼ਹੂਰ ਰੈਪਰ ਅਤੇ ਗਾਇਕ ਬਾਦਸ਼ਾਹ ਦੇ ਚੰਡੀਗੜ੍ਹ ਸਥਿਤ ਨਾਈਟ ਕਲੱਬ ਦੇ ਬਾਹਰ ਹੋਏ ਬੰਬ ਹਮਲੇ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਦੀ ਪਛਾਣ ਦੀਪਕ ਵਜੋਂ ਹੋਈ ਹੈ, ਇਹ ਪੰਜਾਬ ਦੇ ਫਰੀਦਕੋਟ ਦਾ ਰਹਿਣ ਵਾਲਾ ਹੈ। ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਮੁਲਜ਼ਮ ਤੋਂ ਪੁੱਛਗਿੱਛ ਕਰ ਰਿਹਾ ਹੈ। ਦੀਪਕ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਸੂਤਰਾਂ ਅਨੁਸਾਰ, ਦੀਪਕ ਕਥਿਤ ਤੌਰ ‘ਤੇ ਗੈਂਗਸਟਰ ਗੋਲਡੀ ਬਰਾੜ ਦੇ ਨੇੜਲੇ ਸੰਪਰਕ ਵਿੱਚ ਸੀ। ਗੋਲਡੀ ਬਰਾੜ ਨੇ ਇੱਕ ਕਥਿਤ ਫੇਸਬੁੱਕ ਪੋਸਟ ਰਾਹੀਂ ਬੰਬ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਪੁਲਿਸ ਦਾ ਮੰਨਣਾ ਹੈ ਕਿ ਦੀਪਕ ਨਾ ਸਿਰਫ਼ ਹਮਲੇ ਵਿੱਚ ਸ਼ਾਮਲ ਸੀ, ਸਗੋਂ ਪੂਰੀ ਸਾਜ਼ਿਸ਼ ਨੂੰ ਅੰਜਾਮ ਦੇਣ ਵਿੱਚ ਵੀ ਉਸ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਜ਼ਿਕਰਯੋਗ ਹੈ ਕਿ ਇਹ ਘਟਨਾ 26 ਨਵੰਬਰ 2024 ਦੀ ਹੈ, ਜਦੋਂ ਚੰਡੀਗੜ੍ਹ ਦੇ ਮਸ਼ਹੂਰ ਨਾਈਟ ਕਲੱਬ ਦੇ ਬਾਹਰ ਬੰਬ ਹਮਲਾ ਹੋਇਆ ਸੀ। ਇਹ ਹਮਲਾ ਸੈਕਟਰ-26 ਵਿੱਚ ਸੇਵਿਲ ਬਾਰ ਅਤੇ ਲਾਉਂਜ ਦੇ ਬਾਹਰ ਹੋਇਆ, ਜੋ ਕਿ ਬਾਦਸ਼ਾਹ ਦੀ ਮਲਕੀਅਤ ਵਾਲਾ ਕਲੱਬ ਹੈ। ਇਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ, ਜਿਸ ਵਿੱਚ ਮੁਲਜ਼ਮ ਕਲੱਬ ਦੇ ਬਾਹਰ ਬੰਬ ਸੁੱਟਦੇ ਅਤੇ ਭੱਜਦੇ ਦਿਖਾਈ ਦੇ ਰਹੇ ਸਨ। ਧਮਾਕਿਆਂ ਕਾਰਨ ਕਲੱਬ ਦੇ ਸ਼ੀਸ਼ੇ ਵੀ ਟੁੱਟ ਗਏ ਸਨ। ਹਾਲਾਂਕਿ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























