PUNJAB : ਅਨਮੋਲ ਗਗਨ ਮਾਨ ਦੇ ਅਚਨਚੇਤ ਅਸਤੀਫੇ ਨੇ ਛੇੜੀ ਨਵੀਂ ਚਰਚਾ
ਚੰਡੀਗੜ੍ਹ,19ਜੁਲਾਈ(ਵਿਸ਼ਵ ਵਾਰਤਾ)PUNJAB : ਆਮ ਆਦਮੀ ਪਾਰਟੀ ਦੀ ਸਾਬਕਾ ਕੈਬਨਿਟ ਮੰਤਰੀ ਅਤੇ ਖਰੜ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਆਪਣੀ ਸੀਟ ਤੋਂ ਅਸਤੀਫਾ ਦੇਣ ਅਤੇ ਨਾਲ ਹੀ ਸਿਆਸਤ ਛੱਡਣ ਦੇ ਅਚਨਚੇਤ ਐਲਾਨ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਇਹ ਚਰਚਾ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਨਮੋਲ ਗਗਨ ਮਾਨ ਦੇ ਮੁੱਖ ਵਿਰੋਧੀ ਖਰੜ ਦੀ ਗਿਲਕੋ ਵੈਲੀ ਦੇ ਮਾਲਕ ਰਣਜੀਤ ਸਿੰਘ ਗਿੱਲ ਵੱਲੋਂ ਬੀਤੇ ਦਿਨ ਅਕਾਲੀ ਦਲ ਛੱਡਣ ਨਾਲ ਸਿੱਧੀ-ਸਿੱਧੀ ਜੋੜ ਕੇ ਦੇਖੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਗਿੱਲ 2017 ਅਤੇ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਥੋਂ ਚੋਣ ਲੜ ਚੁੱਕੇ ਹਨ, ਪਰ ਉਹਨਾਂ ਨੂੰ ਇੱਥੋਂ ਸਫਲਤਾ ਹਾਸਲ ਨਹੀਂ ਹੋਈ।
ਸਿਆਸੀ ਹਲਕਿਆਂ ਵਿੱਚ ਚੱਲ ਰਹੀਆਂ ਕਿਆਸਰਾਈਆਂ ਵਿਚਾਲੇ ਕੁਝ ਦੇਰ ਪਹਿਲਾਂ ਰਣਜੀਤ ਸਿੰਘ ਗਿੱਲ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ “ਹੁਣ ਸਮਾਂ ਆ ਗਿਆ ਹੈ ਕਿ ਹਲਕੇ, ਪੰਜਾਬ ਅਤੇ ਪੰਜਾਬੀਅਤ ਦੇ ਹੱਕ ਵਿੱਚ ਸਹੀ ਫੈਸਲਾ ਲਿਆ ਜਾਵੇ। ” ਇਸ ਦੇ ਨਾਲ ਹੀ ਇਸ ਚਰਚਾ ਨੇ ਜੋਰ ਫੜ੍ਹ ਲਿਆ ਹੈ ਕਿ ਰਣਜੀਤ ਗਿੱਲ ਜਲਦ ਹੀ ਸੱਤਾਧਾਰੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਖਰੜ ਤੋਂ ਜ਼ਿਮਨੀ ਚੋਣ ਲੜ ਸਕਦੇ ਹਨ।
ਇੱਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਅਨਮੋਲ ਗਗਨ ਮਾਨ ਦਾ ਅਸਤੀਫਾ ਹਾਲੇ ਤੱਕ ਮਨਜ਼ੂਰ ਨਹੀਂ ਹੋੋਇਆ ਹੈ। ਇਸ ਬਾਰੇ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।