ਕਾਊਂਟਰ ਇੰਟੈਲੀਜੈਂਸ ਵਿਭਾਗ ਵਲੋਂ ਕਸ਼ਮੀਰ ਤੋਂ ਪੰਜਾਬ ਤਸਕਰੀ ਹੋ ਰਹੇ 8.56 ਕੁਇੰਟਲ ਭੁੱਕੀ ਦੇ ਫੁੱਲ ਜਬਤ

211
Advertisement

ਜਲੰਧਰ 30 ਦਸੰਬਰ: ਨਸ਼ੀਲੇ ਪਦਾਰਥ ਦੇ ਤਸਕਰਾਂ ਖਿਲਾਫ ਇਕ ਹੋਰ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿਭਾਗ ਨੇ ਕਸ਼ਮੀਰ ਤੋਂ ਪੰਜਾਬ ਭੇਜੀ ਜਾ ਰਹੀ 8.56 ਕੁਇੰਟਲ ਭੁੱਕੀ ਦੀ ਖੇਪ ਬਰਾਮਦ ਕੀਤੀ ਹੈ । ਇਹ ਖੇਪ ਕਸ਼ਮੀਰੀ ਸੇਬਾਂ ਦੇ 1020 ਬਕਸਿਆਂ ਹੇਠ ਲੁਕਾ ਕੇ ਲਿਆਂਦੀ ਜਾ ਰਹੀ ਸੀ।

ਪੁਲਿਸ ਟੀਮ ਵਲੋਂ ਇਕ ਦੋਸ਼ੀ ਮੁਨੀਸ਼ ਕੁਮਾਰ (30) ਪੁੱਤਰ ਕਮਲ ਰਾਜ ਵਾਸੀ ਪਿੰਡ ਫਤਹਿਗੜ੍ਹ ਜਿਲ੍ਹਾ ਪਠਾਨਕੋਟ ਨੂੰ ਇਸ ਖੇਪ ਦੇ ਨਾਲ ਜਲੰਧਰ ਦੇ ਭੋਗਪੁਰ ਕਸਬੇ ਕੋਲੋ ਗ਼ਜ਼ਲ ਢਾਬੇ ਤੇ ਖੜੇ ਇਸ ਟਰੱਕ ਵਿਚੋਂ ਗਿਰਫ਼ਤਾਰ ਕੀਤਾ।

ਇਕ ਪ੍ਰੈਸ ਰਿਲੀਜ਼ ਰਾਂਹੀ ਏ ਆਈ ਜੀ ਕਾਊਂਟਰ ਇੰਟੈਲੀਜੈਂਸ ਸ੍ਰੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪੁਲਿਸ ਪਾਰਟੀਆਂ ਨੂੰ ਵਿਸ਼ੇਸ ਚੈਕਿੰਗ ਲਈ ਤਾਇਨਾਤ ਕੀਤਾ ਗਿਆ ਸੀ ਤਾਂ ਜੋ ਨਸ਼ੀਲੇ ਪਦਾਰਥਾਂ ਨੂੰ ਵੰਡ ਕੇ ਵੋਟਰਾਂ ਨੂੰ ਲੁਬਾਇਆ ਨਾ ਜਾ ਸਕੇ।

ਖੱਖ ਨੇ ਦੱਸਿਆ ਕੇ ਇਸੇ ਚੈਕਿੰਗ ਦੌਰਾਨ ਵਿੰਗ ਨੂੰ ਇਕ ਮੁਖਬਰ ਤੋਂ ਇਤਲਾਹ ਮਿਲੀ ਕਿ ਪਾਚਰੰਗਾ ਦੇ ਗ਼ਜ਼ਲ ਢਾਬੇ ਦਾ ਮਾਲਿਕ ਜਸਵੀਰ ਸਿੰਘ ਜੋ ਆਪਣੇ ਸਾਥੀਆਂ ਮਜ਼ਹਰ ਸ਼ਾਹ ਵਾਸੀ ਰਾਜੌਰੀ ਕਸ਼ਮੀਰ ਅਤੇ ਹੋਰਾਂ ਨਾਲ ਮਿਲ ਕੇ ਚੁਰਾ ਪੋਸਤ ਦੀ ਤਸਕਰੀ ਕਸ਼ਮੀਰ ਤੋਂ ਪੰਜਾਬ ਵੱਲ ਨੂੰ ਕਰਦਾ ਹੈ ਅੱਜ ਇਕ ਟਾਟਾ ਸਫਾਰੀ ਗੱਡੀ ਨੰਬਰ ਪੀ ਬੀ 08 8007 ਵਿਚ ਸਵਾਰ ਹੋ ਕੇ ਇਕ ਟਰੱਕ ਨੰਬਰ ਪੀ ਬੀ 05 ਐਲ 5949 ਰਾਂਹੀ ਇਕ ਵੱਡੀ ਖੇਪ ਲਿਆ ਕੇ ਭੋਗਪੁਰ ਇਲਾਕੇ ਵਿਚ ਵੰਡਣ ਜਾ ਰਹੇ ਹਨ ਅਤੇ ਇਸ ਸਮੇ ਗ਼ਜ਼ਲ ਢਾਬੇ ਕੋਲ ਖੜੇ ਹਨ। ਜੇ ਕਰ ਮੌਕੇ ਤੇ ਰੇਡ ਕੀਤੀ ਜਾਵੇ ਤੇ ਨਸ਼ੇ ਦੀ ਵੱਡੀ ਖੇਪ ਜਬਤ ਕੀਤੀ ਜਾ ਸਕਦੀ ਹੈ

 

ਏ. ਆਈ. ਜੀ. ਨੇ ਦੱਸਿਆ ਕਿ ਖ਼ਬਰ ਭਰੋਸੇਯੋਗ ਹੋਣ ਕਰਕੇ ਇਹ ਜਾਣਕਾਰੀ ਜਲੰਧਰ ਦਿਹਾਤੀ ਪੁਲਿਸ ਮੁਖੀ ਸ੍ਰੀ ਨਵਜੋਤ ਸਿੰਘ ਮਾਹਲ ਜੀ ਨਾਲ ਸਾਂਝਾ ਕਿੱਤਾ ਗਿਆ ਅਤੇ ਕਾਊਂਟਰ ਇੰਟੈਲੀਜੈਂਸ ਵਿਭਾਗ ਜਲੰਧਰ ਅਤੇ ਪੁਲਿਸ ਥਾਣਾ ਭੋਗਪੁਰ ਦੇ ਕਰਮਚਾਰੀਆਂ ਦੀ ਇਕ ਸਾਂਝੀ ਟੀਮ ਬਣਾ ਕੇ ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਜਬਤ ਕਰਨ ਤੇ ਤਸਕਰਾਂ ਨੂੰ ਗਿਰਫ਼ਤਾਰ ਕਰਨ ਲਈ ਭੇਜੀਆ ਗਿਆ।

ਖੱਖ ਨੇ ਅੱਗੇ ਦੱਸਿਆ ਕੇ ਜਦੋਂ ਪੁਲਿਸ ਟੀਮ ਰੇਡ ਕਰਨ ਲਈ ਢਾਬੇ ਕੋਲ ਪਹੁੰਚੀ ਤੇ ਪੁਲਿਸ ਨੂੰ ਦੇਖਦੇ ਹੀ ਜਸਵੀਰ ਅਤੇ ਮਜ਼ਹਰ ਮੌਕੇ ਤੇ ਟਾਟਾ ਸਫਾਰੀ ਗੱਡੀ ਵਿਚੋਂ ਨਿਕਲ ਕੇ ਭੱਜ ਗਏ, ਪਰੰਤੂ ਪੁਲਿਸ ਟੀਮ ਨੇ ਮੌਕੇ ਤੇ ਖੇਪ ਨਾਲ ਭਰੇ ਟਰੱਕ ਨੂੰ ਜਬਤ ਕੀਤਾ ਅਤੇ ਉਸ ਦੇ ਡਰਾਈਵਰ ਮੁਨੀਸ਼ ਕੁਮਾਰ ਨੂੰ ਟਰੱਕ ਵਿਚੋਂ ਗਿਰਫ਼ਤਾਰ ਕਰ ਲਿਆ।

ਟਰੱਕ ਦੀ ਤਲਾਸ਼ੀ ਦੇ ਦੌਰਾਨ ਪੁਲਿਸ ਨੂੰ ਸੇਬਾਂ ਦੇ ਬਕਸਿਆਂ ਹੇਠ ਲੁਕਾਈ 8.56 ਕੁਇੰਟਲ ਭੁੱਕੀ ਬਰਾਮਦ ਹੋਈ ਅਤੇ ਇਸ ਸੰਬੰਧ ਵਿਚ ਭੋਗਪੁਰ ਪੁਲਿਸ ਥਾਣਾ ਵਿਚ ਦੋਸੀਆਂ ਦੇ ਖਿਲਾਫ ਮੁਕੱਦਮਾਂ ਨੰਬਰ 201 ਜੇਰੇ ਧਾਰਾ 15 NDPS Act ਦਰਜ ਕੀਤਾ ਗਿਆ ਹੈ।

ਨਸ਼ਾ ਤਸਕਰਾਂ ਦੇ ਗਿਰੋਹ ਬਾਰੇ ਜਾਣਕਾਰੀ ਦਿੰਦੇ ਹੋਏ ਓਹਨਾ ਦੱਸਿਆ ਕੇ ਇਸ ਗਿਰੋਹ ਨੂੰ ਵੱਖ ਵੱਖ ਕੇਸਾਂ ਵਿਚ ਜੇਲ੍ਹ ਵਿਚ ਬੰਦ ਨਸ਼ਾ ਤਸਕਰਾਂ ਵੱਲੋ ਚਲਾਇਆ ਜਾ ਰਿਹਾ ਸੀ, ਜਿਸ ਵਿਚ ਗੁਰਜੰਟ ਸਿੰਘ ਦੋਲੇਵਾਲ ਮੋਗਾ, ਬਲਬੀਰ ਸਿੰਘ ਪੰਜੂ ਵਾਸੀ ਮਹਿਤਪੁਰ ਜਲੰਧਰ ਅਤੇ ਹਰਵਿੰਦਰ ਸਿੰਘ ਵਲੋਂ ਮਿਲ ਕੇ ਆਪਣੇ ਬਾਹਰ ਬੈਠੇ ਸਾਥੀਆਂ ਜਸਵੀਰ ਸਿੰਘ(ਮਾਲਕ ਗ਼ਜ਼ਲ ਢਾਬਾ) ਅਤੇ ਹੋਰ ਸਾਥੀਆਂ ਦੀ ਮਦਦ ਨਾਲ ਚਲਾਇਆ ਜਾ ਰਿਹਾ ਸੀ।

ਗਿਰਫ਼ਤਾਰ ਕੀਤੇ ਗਏ ਟਰੱਕ ਡਰਾਈਵਰ ਮੁਨੀਸ਼ ਕੁਮਾਰ ਦੀ ਮੁਢਲੀ ਪੁੱਛਗਿੱਛ ਵਿਚ ਉਸਨੇ ਦੱਸਿਆ ਕਿ ਉਹ, ਜਸਵੀਰ ਅਤੇ ਮਜ਼ਹਰ ਇਹ ਨਸ਼ੀਲੇ ਪਦਾਰਥਾਂ ਦੀ ਖੇਪ ਨਜ਼ੀਰ ਵਾਸੀ ਸਪਰੋਰ ਕਸ਼ਮੀਰ ਤੋਂ ਖਰੀਦ ਕਰਕੇ ਲੈ ਕੇ ਆਏ ਸਨ ਅਤੇ ਇਸ ਵਿਚ ਕਸ਼ਮੀਰੀ ਸੇਬ ਗੁਜਰਾਤ ਦੇ ਇਕ ਫਲ ਵਿਕਰੇਤਾ ਨੂੰ ਸਪਲਾਈ ਕਰਨ ਲਈ ਭਰੇ ਗਏ ਸਨ।

ਏ. ਆਈ. ਜੀ ਨੇ ਕਿਹਾ ਕੇ ਇਹ ਪਹਿਲੀ ਵਾਰ ਸਾਹਮਣੇ ਆਇਆ ਹੈ ਕਿ ਨਸ਼ਾ ਤਸਕਰਾਂ ਦੇ ਨਾਲ ਕੋਈ ਢਾਬਾ ਮਲਿਕ ਵੀ ਇਸ ਨਾਜਾਇਜ਼ ਧੰਦੇ ਵਿਚ ਸ਼ਾਮਿਲ ਹੈ। ਓਹਨਾ ਦੱਸਿਆ ਕੇ ਵਿਸਥਾਰ ਜਾਂਚ ਅੱਜੇ ਚੱਲ ਰਹੀ ਹੈ ਅਤੇ ਪੁਲਿਸ ਪਾਰਟੀਆਂ ਨੂੰ ਜਸਵੀਰ ਅਤੇ ਮਜ਼ਹਰ ਨੂੰ ਗਿਰਫ਼ਤਾਰ ਕਰਨ ਲਈ ਭੇਜਿਆ ਗਿਆ ਹੈ।

ਓਹਨਾਂ ਕਿਹਾ ਕਿ ਗਿਰਫ਼ਤਾਰ ਕੀਤੇ ਟਰੱਕ ਡਰਾਈਵਰ ਨੂੰ ਪੁਲਿਸ ਵਲੋਂ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਜੇਲਾਂ ਵਿਚ ਬੈਠ ਕੇ ਨਸ਼ਾ ਤਸਕਰੀ ਕਰਵਾ ਰਹੇ ਤਸਕਰਾਂ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇ। ਜੇਲਾਂ ਵਿਚ ਬੰਦ ਤਸਕਰਾਂ ਨੂੰ ਵੀ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਤਫਤੀਸ ਕੀਤੀ ਜਾਵੇਗੀ।

ਸ੍ਰੀ ਖੱਖ ਨੇ ਕਿਹਾ ਕੇ ਕਾਉਂਟਰ ਇੰਟੈਲੀਜੈਂਸ ਜਲੰਧਰ ਦੀ ਦਸੰਬਰ ਮਹੀਨੇ ਵਿੱਚ ਰਾਸ਼ਟਰੀ ਮਾਰਗਾਂ ਰਾਂਹੀ ਹੋ ਰਹੀ ਨਸ਼ਾ ਤਸਕਰੀ ਨੂੰ ਖਤਮ ਕਰਨ ਦੀ ਇਹ ਤੀਜੀ ਵੱਡੀ ਸਫਲਤਾ ਹੈ ਜਿਸ ਨਾਲ ਰਾਜ ਸਰਕਾਰ ਦੁਆਰਾ ਨਸ਼ੇ ਖਿਲਾਫ ਚਲਾਈ ਮੁਹਿੰਮ ਨੂੰ ਹੋਰ ਹੁੰਗਾਰਾ ਮਿਲੇਗੀ । ਇਸ ਤੋਂ ਪਹਿਲਾਂ ਵਿੰਗ ਵਲੋਂ ਫਿਲੋਰ ਅਤੇ ਫਗਵਾੜਾ ਵਿਚ ਟਰੱਕਾਂ ਰਾਂਹੀ ਲੁਕੋ ਕੇ ਲਿਆਂਦੀਆਂ ਜਾ ਰਹੀਆਂ ਨਸ਼ੀਲੇ ਪਦਾਰਥਾਂ ਦੀਆਂ 2 ਖੇਪਾਂ ਬਰਾਮਦ ਕੀਤੀਆਂ ਗਈਆਂ ਸਨ।

ਉਹਨਾਂ ਨੇ ਇਹ ਵੀ ਕਿਹਾ ਕਿ ਪਿਛਲੇ ਡੇਢ ਸਾਲ ਵਿਚ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਹੇਠ ਜਲੰਧਰ ਕਾਊਂਟਰ ਇੰਟੈਲੀਜੈਂਸ ਵਿੰਗ ਵਲੋਂ 4 ਕਿਲੋ ਕੈਟਾਮਾਈਨ, 2 ਕਿਲੋ 330 ਗ੍ਰਾਮ ਹੈਰੋਇਨ, 21 ਕਿਲੋ ਅਫੀਮ ਅਤੇ 230 ਕੁਇੰਟਲ ਤੋਂ ਵੱਧ ਭੁੱਕੀ ਚੁਰਾ ਪੋਸਤ ਦੀ ਬਰਾਮਦਗੀ ਕੀਤੀ ਗਈ ਹੈ।