ਅਟਾਰੀ, 26 ਦਸੰਬਰ – ਪਾਕਿਸਤਾਨੀ ਕੈਦੀ ਇਮਰਾਨ ਵਾਰਸੀ 10 ਸਾਲ ਅਤੇ ਅਬਦੁੱਲਾ 19 ਮਹੀਨੇ ਦੀ ਸਜਾ ਕੱਟ ਕੇ ਅੱਜ ਆਪਣੇ ਵਤਨ ਪਰਤ ਗਏ। ਅਟਾਰੀ ਵਾਘਾ ਸਰਹੱਦ ਉਤੇ ਬੀ ਐਸ ਐਫ ਅਧਿਕਾਰੀਆਂ ਨੇ ਇਹਨਾਂ ਕੈਦੀਆਂ ਨੂੰ ਪਾਕਿਸਤਾਨੀ ਰੇਂਜਰਸ ਹਵਾਲੇ ਕੀਤਾ।
ਦੱਸਣਯੋਗ ਹੈ ਕਿ ਇਮਰਾਨ ਨੂੰ ਸਾਲ 2008 ਵਿਚ ਜਾਸੂਸੀ ਦੇ ਕੇਸ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਇਮਰਾਨ ਦਾ ਕਹਿਣਾ ਹੈ ਕਿ ਉਹ ਭਾਰਤ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਆਇਆ ਸੀ ਅਤੇ ਉਸ ਨੇ ਇਧਰ ਵਿਆਹ ਵੀ ਕਰਵਾਇਆ ਅਤੇ ਉਸ ਦੇ 2 ਬੱਚੇ ਵੀ ਹਨ। ਇਸ ਦੌਰਾਨ ਉਸ ਨੂੰ ਆਪਣੇ ਪਰਿਵਾਰ ਤੋਂ ਵੱਖ ਹੋ ਕੇ ਪਾਕਿਸਤਾਨ ਜਾਣਾ ਪਿਆ। ਇਮਰਾਨ ਨੇ ਕਿਹਾ ਕਿ ਉਹ ਪਾਕਿਸਤਾਨ ਜਾ ਕੇ ਉਥੋਂ ਦੀ ਸਰਕਾਰ ਨੂੰ ਅਪੀਲ ਕਰੇਗਾ ਕਿ ਉਸ ਦੇ ਪਰਿਵਾਰ ਨੂੰ ਵੀ ਉਧਰ ਹੀ ਬੁਲਾ ਲਿਆ ਜਾਵੇ।