ਲੁਧਿਆਣਾ 23 ਦਸੰਬਰ: ਪੁਰਾਣੇ ਬੁੱਢਾ ਦਰਿਆ (ਗੰਦਾ ਨਾਲਾ) ਸਫਾਈ ਮੁਹਿੰਮ ਦਾ ਆਰੰਭ ਅੱਜ ਸਵੇਰੇ ਨਾਮਧਾਰੀ ਮੁਖੀ ਸਤਿਗੁਰੂ ਉਦੈ ਸਿੰਘ ਜੀ ਦੀ ਅਗਵਾਈ ਹੇਠ ਆਰੰਭ ਹੋ ਗਿਆ ਹੈ।
ਨਾਮਧਾਰੀ ਮੁਖੀ ਜੀ ਨੇ ਲਗਪਗ ਪੰਜ ਘੰਟੇ ਲਗਾਤਾਰ ਖੜ੍ਹੇ ਪੈਰ ਕਾਰ ਸੇਵਾ ਕਾਰਜਾਂ ਨੂੰ ਦਿਸ਼ਾ ਨਿਰਦੇਸ਼ ਦਿੱਤਾ।
ਵਿਧਾਇਕ ਸੰਜਯ ਤਲਵਾਰ ਤੇ ਨਗਰ ਨਿਗਮ ਮੇਅਰ ਸ: ਬਲਕਾਰ ਸਿੰਘ ਸੰਧੂ, ਲਾਈਫਲਾਈਨ ਫਾਉਂਡੇਸ਼ਨ ਦੇ ਆਗੂ ਤੇ ਸਿਰਕੱਢ ਪੰਜਾਬੀ ਕਵੀ ਇੰਜ ਜਸਵੰਤ ਜਫ਼ਰ, ਡਾ: ਜਗਦੀਸ਼ ਕੌਰ ਪੀਏ ਯੂ, ਪ੍ਰੋ: ਬਲਬੀਰ ਕੌਰ ਜਫ਼ਰ ਗੁਰੂ ਨਾਨਕ ਖਾਲਸਾ ਕਾਲਿਜ ਫਾਰ ਵਿਮੈੱਨ ਬੀਬਾ ਸੁੱਚੂ ਜਫਰ ਯੂ ਐੱਸ ਏ,ਅਸ਼ੋਕ ਮੱਕੜ,ਬਾਵਾ ਜੈਨ,ਰਜਿਤ ਸੂਦ, ਸੂਬਾ ਹਰਭਜਨ ਸਿੰਘ ਨਾਮਧਾਰੀ, ਸੂਬਾ ਬਲਵਿੰਦਰ ਸਿੰਘ ਝੱਲ,ਸੁਖਵਿੰਦਰ ਸਿੰਘ ਲਾਇਲ ਨਾਮਧਾਰੀ,ਗਿਆਨੀ ਜੋਗਿੰਦਰ ਸਿੰਘ ਨਾਮਧਾਰੀ ਤੋਂ ਇਲਾਵਾ ਹਜ਼ਾਰਾਂ ਨਾਮਧਾਰੀਆਂ ਨੇ ਕਾਰ ਸੇਵਾ ਚ ਭਾਗ ਲਿਆ।
ਸਬੱਬ ਨਾਲ ਅੱਜ ਨਾਮਧਾਰੀ ਮੁਖੀ ਸਤਿਗੁਰੂ ਉਦੈ ਸਿੰਘ ਦੀ ਦਾ ਦਸਤਾਰਬੰਦੀ ਦਿਵਸ ਹੋਣ ਕਾਰਨ ਨਾਮਧਾਰੀ ਸੰਗਤਾਂ ਹੁਮ ਹੁਮਾ ਕੇ ਪੁੱਜੀਆਂ।
ਪੰਜਾਬ ਸਰਕਾਰ ਵੱਲੋਂ ਬਣਾਈ ਸਟੀਅਰਿੰਗ ਕਮੇਟੀ ਦੇ ਮੈਂਬਰ ਸੁਖਵਿੰਦਰ ਸਿੰਘ ਲਾਇਲ ਨਾਮਧਾਰੀ ਨੇ ਦੱਸਿਆ ਕਿ ਤਾਜਪੁਰ ਰੋਡ ਜੇਲ੍ਹ ਨੇੜੇ ਬਣੇ ਸੀਵਰੇਜ ਟਰੀਟਮੈਂਟ ਪਲਾਂਟ ਨੇੜਿਓਂ ਕੰਮ ਸ਼ੁਰੂ ਕੀਤਾ ਗਿਆ।
ਨਾਮਧਾਰੀ ਸੰਗਤ ਵੱਲੋਂ ਤਿੰਨ ਫੋਰਕ ਮਸ਼ੀਨਾਂ ਤੇ 3 ਟਿੱਪਰ ਅਜ ਕੰਮ ਤੇ ਲਗਾਏ ਗਏ ਜਦ ਕਿ ਨਗਰ ਨਿਗਮ ਵੱਲੋਂ 10 ਟਿੱਪਰ ਸੇਵਾ ਲਈ ਦਿੱਤੇ ਗਏ ਹਨ। ਕੱਲ੍ਹ ਨਾਮਧਾਰੀ ਸੰਗਤ ਵੱਲੋਂ 10 ਟਿੱਪਰ ਹੋਰ ਸੇਵਾ ਚ ਲਾਏ ਜਾਣਗੇ। ਨਗਰ ਨਿਗਮ ਵੱਲੋਂ ਤਿੰਨ ਜੇ ਸੀ ਬੀ ਮਸ਼ੀਨਾਂ ਵੀ ਦਿੱਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਸੰਭਵ ਫਾਉਂਡੱਸ਼ਨ, ਆਣ ਮਿਲੋ ਦਰਿਆਓ ਸੰਸਥਾ ਤੇ ਲਾਈਫਲਾਈਨ ਫਾਉਂਡੇਸ਼ਨ ਦੇ ਸਾਥੀਆਂ ਤੋਂ ਇਲਾਵਾ ਨਗਰ ਨਿਗਮ ਦਾ ਵੀ ਸਹਿਯੋਗ ਮਿਲ ਰਿਹਾ ਹੈ। ਅੱਜ ਲਗਪਗ 100 ਟਰੱਕ ਗਾਰ ਕੱਢ ਕੇ ਕੂੜਾ ਢੇਰ ਤੇ ਪਹੁੰਚਾਇਆ ਗਿਆ।