Ludhiana ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ ਸਿਕੰਦਰ ਸਿੰਘ ਮਲੂਕਾ ਦੀ ਹੋਈ ਘਰ ਵਾਪਸੀ
– ਮੁੜ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਿਲ

ਚੰਡੀਗੜ੍ਹ, 14 ਜੂਨ (ਵਿਸ਼ਵ ਵਾਰਤਾ): ਲੁਧਿਆਣਾ (Ludhiana ) ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ ਸਿੰਕਦਰ ਸਿੰਘ ਮਲੂਕਾ ਮੁੜ ਅਕਾਲੀ ਦਲ ’ਚ ਸ਼ਾਮਿਲ ਹੋ ਗਏ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਇਸ ਸੰਬੰਧੀ ਜਾਣਕਾਰੀ ਟਵੀਟ ਕਰ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਮਲੂਕਾ ਦੇ ਘਰ ਵਾਪਸੀ ਕਰਨ ਸਮੇਂ ਸਾਬਕਾ ਕੈਬਨਿਟ ਮੰਤਰੀ ਡਾ.ਦਲਜੀਤ ਸਿੰਘ ਚੀਮਾ, ਬਲਵਿੰਦਰ ਸਿੰਘ ਭੂੰਦੜ ਸਮੇਤ ਪਾਰਟੀ ਦੇ ਹੋਰ ਕਈ ਸੀਨੀਅਰ ਆਗੂ ਹਾਜ਼ਰ ਸਨ।
ਉਨ੍ਹਾਂ ਟਵੀਟ ਕੀਤਾ ਕਿ “ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਿਕੰਦਰ ਸਿੰਘ ਮਲੂਕਾ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕੀਤੀ ਹੈ। ਮਲੂਕਾ ਸਾਬ੍ਹ ਨੇ ਪਰਕਾਸ਼ ਸਿੰਘ ਜੀ ਬਾਦਲ ਦੀ ਅਗਵਾਈ ਹੇਠ ਪਾਰਟੀ ਨੂੰ ਮਜ਼ਬੂਤ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਨਿਭਾਇਆ ਹੈ । ਉਨ੍ਹਾਂ ਦੀ ਵਾਪਸੀ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਉਹ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਚੱਲ ਰਹੀ ਪਾਰਟੀ ਦੀ ਚੋਣ ਮੁਹਿੰਮ ਵਿੱਚ ਤੁਰੰਤ ਸ਼ਾਮਲ ਹੋਣਗੇ । ਪੰਜਾਬੀਆਂ ਦੇ ਸਹਿਯੋਗ ਨਾਲ ਸ਼੍ਰੋਮਣੀ ਅਕਾਲੀ ਦਲ ਹਰ ਦਿਨ ਮਜ਼ਬੂਤੀ ਵੱਲ ਵੱਧ ਰਿਹਾ ਹੈ । ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਪੰਜਾਬ ਦੀ ਇਕਲੌਤੀ ਵਾਰਿਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਬਣਾਉਣ ਲਈ ਇੱਕਜੁੱਟ ਹੋਵੋ, ਤਾਂ ਜੋ ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ ।”
ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਮਹੱਤਵਪੂਰਨ ਸੀਟ ‘ਤੇ ਮੁਕਾਬਲੇ ਲਈ ਪਰਉਪਕਾਰ ਸਿੰਘ ਘੁੰਮਣ ਨੂੰ ਚੁਣਿਆ ਗਿਆ ਹੈ। ਉਨ੍ਹਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ, ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਅਤੇ ਭਾਜਪਾ ਦੇ ਜੀਵਨ ਗੁਪਤਾ ਨਾਲ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























