America ਵਿੱਚ ਭਾਰਤੀ ਵਿਦਿਆਰਥੀ ਨਾਲ ਬਦਸਲੂਕੀ
– ਨਿਊ ਜਰਸੀ ਦੇ ਨੇਵਾਰਕ ਹਵਾਈ ਅੱਡੇ ‘ਤੇ ਵਾਪਰੀ ਘਟਨਾ ਦੀ ਵੀਡੀਓ ਵਾਇਰਲ

ਅਮਰੀਕਾ, 10 ਜੂਨ (ਵਿਸ਼ਵ ਵਾਰਤਾ): ਨਿਊ ਜਰਸੀ ਦੇ ਨੇਵਾਰਕ ਹਵਾਈ ਅੱਡੇ ‘ਤੇ ਅਧਿਕਾਰੀਆਂ ਨੇ ਇੱਕ ਭਾਰਤੀ ਵਿਦਿਆਰਥੀ ਨਾਲ ਬਦਸਲੂਕੀ ਕੀਤੀ, ਉਸਨੂੰ ਅਪਰਾਧੀ ਵਾਂਗ ਜ਼ਮੀਨ ‘ਤੇ ਸੁੱਟ ਦਿੱਤਾ ਗਿਆ ਅਤੇ ਫਿਰ ਉਸਨੂੰ ਹੱਥਕੜੀ ਲਗਾ ਕੇ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ। ਪੂਰੀ ਘਟਨਾ ਦੀ ਵੀਡੀਓ ਵਾਇਰਲ ਹੋ ਗਈ ਹੈ, ਜਿਸ ਨਾਲ ਸੋਸ਼ਲ ਮੀਡੀਆ ‘ਤੇ ਲੋਕਾਂ ‘ਚ ਗੁੱਸਾ ਹੈ।

ਇਹ ਵੀਡੀਓ ਸਭ ਤੋਂ ਪਹਿਲਾਂ ਇੱਕ ਭਾਰਤੀ-ਅਮਰੀਕੀ ਉੱਦਮੀ ਕੁਨਾਲ ਜੈਨ ਦੁਆਰਾ ਰਿਕਾਰਡ ਕੀਤਾ ਗਿਆ ਸੀ। ਇਸ ਵਿੱਚ, ਅਮਰੀਕੀ ਅਧਿਕਾਰੀ ਵਿਦਿਆਰਥੀ ਨਾਲ ਇੱਕ ਅਪਰਾਧੀ ਵਾਂਗ ਵਿਵਹਾਰ ਕਰਦੇ ਦਿਖਾਈ ਦੇ ਰਹੇ ਸਨ। ਜਿਸ ‘ਚ ਘੱਟੋ-ਘੱਟ ਚਾਰ ਅਫ਼ਸਰ ਉਸਨੂੰ ਫੜ ਕੇ ਬੈਠੇ ਸਨ, ਜਿਨ੍ਹਾਂ ਵਿੱਚੋਂ ਦੋ ਦੇ ਗੋਡੇ ਉਸਦੀ ਪਿੱਠ ‘ਤੇ ਸਨ। ਉਨ੍ਹਾਂ ਨੇ ਵਿਦਿਆਰਥੀ ਦੇ ਹੱਥਾਂ ਅਤੇ ਲੱਤਾਂ ਨੂੰ ਹੱਥਕੜੀ ਲਗਾਈ ਹੋਈ ਸੀ।
ਜੈਨ ਨੇ X ‘ਤੇ ਲਿਖਿਆ – ਮੈਂ ਨੇਵਾਰਕ ਹਵਾਈ ਅੱਡੇ ‘ਤੇ ਇੱਕ ਨੌਜਵਾਨ ਭਾਰਤੀ ਵਿਦਿਆਰਥੀ ਨੂੰ ਹੱਥਕੜੀ ਲਗਾਏ ਹੋਏ, ਰੋਂਦੇ ਹੋਏ ਤੇ ਇੱਕ ਅਪਰਾਧੀ ਵਾਂਗ ਵਿਵਹਾਰ ਹੁੰਦੇ ਦੇਖਿਆ। ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਆਇਆ ਸੀ, ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਨਹੀਂ। ਇੱਕ NRI ਹੋਣ ਦੇ ਨਾਤੇ, ਮੈਂ ਕਮਜ਼ੋਰ ਅਤੇ ਟੁੱਟਿਆ ਹੋਇਆ ਮਹਿਸੂਸ ਕਰਦਾ ਹਾਂ।
ਜੈਨ ਨੇ ਕਿਹਾ ਕਿ ਵਿਦਿਆਰਥੀ ਹਰਿਆਣਵੀ ਵਿੱਚ ਕਹਿ ਰਿਹਾ ਸੀ – ‘ਮੈਂ ਪਾਗਲ ਨਹੀਂ ਹਾਂ, ਇਹ ਲੋਕ ਮੈਨੂੰ ਪਾਗਲ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।’ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਵਿਦਿਆਰਥੀ ਨੂੰ ਕਿਉਂ ਦੇਸ਼ ਨਿਕਾਲਾ ਦਿੱਤਾ ਗਿਆ ਸੀ।

ਨਿਊਯਾਰਕ ਸਥਿਤ ਭਾਰਤੀ ਦੂਤਾਵਾਸ ਨੇ ਇਸ ਘਟਨਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟਾਂ ਦੇਖੀਆਂ ਹਨ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇੱਕ ਭਾਰਤੀ ਨਾਗਰਿਕ ਨੂੰ ਨੇਵਾਰਕ ਲਿਬਰਟੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਵਿੱਚ ਕਿਹਾ ਗਿਆ ਹੈ, “ਅਸੀਂ ਇਸ ਸਬੰਧ ਵਿੱਚ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ। ਕੌਂਸਲੇਟ ਹਮੇਸ਼ਾ ਭਾਰਤੀ ਨਾਗਰਿਕਾਂ ਦੀ ਭਲਾਈ ਲਈ ਵਚਨਬੱਧ ਹੈ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























