Weather Update : ਪੰਜਾਬ ‘ਚ ਗਰਮੀ ਨੇ ਕੱਢੇ ਵੱਟ ; ਅੱਜ ਹੀਟਵੇਵ ਦਾ Orange Alert ਜਾਰੀ

ਚੰਡੀਗੜ੍ਹ, 10ਜੂਨ(ਵਿਸ਼ਵ ਵਾਰਤਾ)Weather Update : ਪੰਜਾਬ ਅਤੇ ਹਰਿਆਣਾ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ, ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ।
ਅੱਜ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਹੀਟਵੇਵ ਦਾ ਓਂਰੇਜ ਅਲਰਟ ਜਾਰੀ ਕੀਤਾ ਗਿਆ ਹੈ। ਦਿਨ ਅਤੇ ਰਾਤ ਦੋਵਾਂ ਸਮੇਂ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਉਮੀਦ ਹੈ। ਪਿਛਲੇ 24 ਘੰਟਿਆਂ ਵਿੱਚ, ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਔਸਤਨ 1.2 ਡਿਗਰੀ ਸੈਲਸੀਅਸ ਵਧਿਆ, ਜੋ ਕਿ ਆਮ ਨਾਲੋਂ 3.8 ਡਿਗਰੀ ਸੈਲਸੀਅਸ ਵੱਧ ਹੈ। ਮੌਸਮ ਵਿਭਾਗ ਅਨੁਸਾਰ, ਸੂਬੇ ਦਾ ਸਭ ਤੋਂ ਵੱਧ ਤਾਪਮਾਨ ਲੁਧਿਆਣਾ ਦੇ ਸਮਰਾਲਾ ਵਿਖੇ 46.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਠਿੰਡਾ ਵਿੱਚ 44.6 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 44.2 ਡਿਗਰੀ ਸੈਲਸੀਅਸ ਅਤੇ ਲੁਧਿਆਣਾ ਵਿੱਚ 43.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਗਰਮੀ ਅਤੇ ਲੂਅ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਲਈ ਅਪੀਲ ਕੀਤੀ ਹੈ ਅਤੇ ਗਰਮੀ ਕਾਰਨ ਕਿਸੇ ਤਰ੍ਹਾਂ ਦੀ ਸਿਹਤ ਸਮੱਸਿਆ ਹੋਣ ’ਤੇ ਡਾਕਟਰੀ ਸਲਾਹ ਲੈਣ ਲਈ ਅਪੀਲ ਕੀਤੀ ਹੈ।
ਗਰਮੀ ’ਚ ਲੂਅ ਤੋਂ ਬਚਣ ਦੇ ਲਈ ਸਾਨੂੰ ਸਾਵਧਾਨੀਆਂ ਵਰਤਣ ਦੀ ਲੋੜ ਹੈ ਜਿਵੇਂ ਕਿ ਜਦੋਂ ਵੀ ਘਰ ਤੋਂ ਬਾਹਰ ਨਿਕਲਣਾ ਹੋਵੇ ਤਾਂ ਜ਼ਿਆਦਾ ਮਾਤਰਾ ਵਿੱਚ ਪਾਣੀ ਪੀਤਾ ਜਾਵੇ, ਸੂਤੀ, ਹਲਕੇ ਅਤੇ ਆਰਾਮਦਾਇਕ ਕੱਪੜੇ ਪਾ ਕੇ ਅਤੇ ਸਿਰ ਨੂੰ ਢੱਕ ਕੇ ਰੱਖਿਆ ਜਾਵੇ, ਤਰਲ ਪਦਾਰਥਾਂ ਜਿਵੇਂ ਪਾਣੀ, ਨਿੰਬੂ ਪਾਣੀ, ਲੱਸੀ, ਓ.ਆਰ.ਐੱਸ. ਦੇ ਘੋਲ ਦਾ ਵੱਧ ਤੋਂ ਵੱਧ ਸੇਵਨ ਕੀਤਾ ਜਾਵੇ ਅਤੇ ਦੁਪਹਿਰ ਦੇ ਵੇਲੇ ਘਰ ਵਿੱਚ ਹੀ ਰਿਹਾ ਜਾਵੇ ਅਤੇ ਘਰ ਤੋਂ ਬਾਹਰ ਬਹੁਤ ਜਿਆਦਾ ਜਰੂਰੀ ਹੋਣ ‘ਤੇ ਹੀ ਨਿਕਲਿਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਆਦਾ ਮਿਰਚ ਅਤੇ ਮਸਾਲੇਦਾਰ ਭੋਜਨ ਅਤੇ ਬਜ਼ਾਰ ਦੇ ਖਾਣੇ ਤੋਂ ਪ੍ਰਹੇਜ਼ ਕੀਤਾ ਜਾਵੇ, ਕੁਲਰ ਜਾਂ ਏ.ਸੀ. ਵਾਲੇ ਕਮਰੇ ਵਿੱਚ ਬੈਠਣ ਤੋਂ ਬਾਅਦ ਇੱਕ ਦਮ ਧੁੱਪ ਵਿੱਚ ਨਾ ਨਿਕਲਿਆ ਜਾਵੇ।

ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਲਈ ਸੁਚੇਤ ਰਹਿਣ ਲਈ ਓਂਰੇਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ 14 ਜੂਨ ਤੋਂ ਪੰਜਾਬ ਵਿੱਚ ਗਰਜ ਅਤੇ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ) ਚੱਲਣ ਦੀ ਸੰਭਾਵਨਾ ਹੈ। ਇਸ ਨਾਲ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਜਦੋਂ ਕਿ 13 ਜੂਨ ਤੱਕ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਹੀਟਵੇਵ ਦੀ ਚੇਤਾਵਨੀ ਹੈ, 14 ਜੂਨ ਤੋਂ ਬਾਅਦ ਮੌਸਮ ਵਿੱਚ ਬਦਲਾਅ ਦੇ ਸੰਕੇਤ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























