Cricketer : ਵਿਰਾਟ ਕੋਹਲੀ ਦੀਆਂ ਵਧੀਆਂ ਮੁਸ਼ਕਿਲਾਂ
ਬੈਂਗਲੁਰੂ ਭਗਦੜ ਮਾਮਲੇ ‘ਚ ਸ਼ਿਕਾਇਤ ਦਰਜ

ਨਵੀ ਦਿੱਲੀ, 7 ਜੂਨ (ਵਿਸ਼ਵ ਵਾਰਤਾ): ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਟੀਮ ਦੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਟਰਾਫੀ ਜਿੱਤਣ ਤੋਂ ਬਾਅਦ ਜਸ਼ਨ ਦੌਰਾਨ ਮਚੀ ਭਗਦੜ ਦੇ ਸਬੰਧ ਵਿੱਚ ਆਰਸੀਬੀ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ (Cricketer) ਖ਼ਿਲਾਫ਼ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਬੰਗਲੌਰ ਦੇ ਇੱਕ ਸਮਾਜਿਕ ਕਾਰਕੁਨ ਐਚਐਮ ਵੈਂਕਟੇਸ਼ ਨੇ ਵਿਰਾਟ ਕੋਹਲੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਮੰਗ ਕੀਤੀ ਕਿ ਕੋਹਲੀ ਨੂੰ ਇਸ ਘਟਨਾ ਦਾ ਮੁੱਖ ਦੋਸ਼ੀ ਬਣਾਇਆ ਜਾਵੇ। ਸ਼ਿਕਾਇਤ ਮਿਲਣ ਤੋਂ ਬਾਅਦ, ਪੁਲਿਸ ਵਿਭਾਗ ਵੱਲੋਂ ਇੱਕ ਸਪਸ਼ਟੀਕਰਨ ਪੱਤਰ ਜਾਰੀ ਕੀਤਾ ਗਿਆ। ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਮਾਮਲੇ ਵਿੱਚ ਪਹਿਲਾਂ ਹੀ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ ਅਤੇ ਉਨ੍ਹਾਂ ਦੇ ਪੱਤਰ ‘ਤੇ ਵੀ ਵਿਚਾਰ ਕੀਤਾ ਜਾਵੇਗਾ।
ਦੱਸ ਦੇਈਏ ਕਿ ਬੁੱਧਵਾਰ ਨੂੰ ਆਰਸੀਬੀ ਦੀ ਜਿੱਤ ਦੇ ਜਸ਼ਨ ਦੌਰਾਨ ਐਮ. ਚਿੰਨਾਸਵਾਮੀ ਮੈਦਾਨ ਦੇ ਨੇੜੇ ਭਗਦੜ ਮਚ ਗਈ ਸੀ। ਇਸ ਘਟਨਾ ਵਿੱਚ 11 ਪ੍ਰਸ਼ੰਸਕਾਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਸ ਮਾਮਲੇ ਵਿੱਚ ਆਰਸੀਬੀ, ਕੇਐਸਸੀਏ ਅਤੇ ਪ੍ਰਬੰਧਕ ਸੰਸਥਾ ਡੀਐਨਏ ਦੇ ਅਧਿਕਾਰੀਆਂ ਵਿਰੁੱਧ ਪਹਿਲਾਂ ਹੀ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ। ਨਾਲ ਹੀ, ਪੁਲਿਸ ਨੇ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ, ਹਾਈ ਕੋਰਟ ਨੇ ਵੀ ਇਸ ਘਟਨਾ ਦਾ ਖੁਦ ਨੋਟਿਸ ਲਿਆ ਹੈ ਅਤੇ ਜਾਂਚ ਜਾਰੀ ਹੈ।























